ਅਮਰੀਕਾ ’ਚ ਤੁਫਾਨ ਨਾਲ ਮਾਰੇ ਗਏ ਵਿਅਕਤੀਆਂ ਦੇ ਸਸਕਾਰ ਲਈ ਪ੍ਰਤੀ ਮਿ੍ਰਤਕ 5 ਹਜ਼ਾਰ ਡਾਲਰ ਦੇਣ ਦਾ ਐਲਾਨ¿;

226
Share

* ਰਾਸ਼ਟਰਪਤੀ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ
ਸੈਕਰਾਮੈਂਟੋ, 15 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ 5 ਰਾਜਾਂ ’ਚ ਆਏ ਜ਼ਬਰਦਸਤ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ। ਹਜ਼ਾਰਾਂ ਲੋਕ ਬੇਘਰ ਹੋਏ ਹਨ ਤੇ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਦਿਨ ਕੱਟਣ ਲਈ ਮਜਬੂਰ ਹਨ, ਜਿਸ ਨੂੰ ਬਹਾਲ ਕਰਨ ਲਈ ਸਮਾਂ ਲੱਗ ਸਕਦਾ ਹੈ। ਕੈਂਟਕੀ ਵਿਚ ਸਭ ਤੋਂ ਵਧ ਤਬਾਹੀ ਹੋਈ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਰਾਜ ਵਿਚ 74 ਮੌਤਾਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕਾਂ ਦੀ ਅਸਲ ਗਿਣਤੀ ਦਾ ਪਤਾ ਲੱਗਣ ਵਿਚ ਹਫਤੇ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕਾਂ ਵਿਚ 5 ਸਾਲ ਤੋਂ ਲੈ ਕੇ 86 ਸਾਲ ਦੇ ਲੋਕ ਸ਼ਾਮਲ ਹਨ। ਉਨ੍ਹਾਂ ਨੇ ਮਿ੍ਰਤਕਾਂ ਨੂੰ ਸਪੁਰਦੇ-ਖਾਕ ਕਰਨ ਲਈ ਹਰੇਕ ਪੀੜਤ ਪਰਿਵਾਰ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ ਵੀ ਕੀਤਾ। ਗਵਰਨਰ ਨੇ ਕਿਹਾ ਕਿ ਰਾਜ ’ਚ ਜਾਨੀ ਨੁਕਸਾਨ ਤੋਂ ਇਲਾਵਾ 1000 ਤੋਂ ਵਧ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਤੇ ਬਿਜਲੀ, ਪਾਣੀ ਸਬੰਧੀ ਸੇਵਾਵਾਂ ਬਹਾਲ ਕਰਨ ਲਈ ਕਈ ਦਿਨ ਲੱਗ ਸਕਦੇ ਹਨ ਕਿਉਂਕਿ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ। ਇਸੇ ਦੌਰਾਨ ਕੈਂਟਕੀ ਐਮਰਜੈਂਸੀ ਮੈਨਜਮੈਂਟ ਡਾਇਰੈਕਟਰ ਮਾਈਕਲ ਡੋਸੈਟ ਨੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਵੇਰਵਾ ਦਿੰਦਿਆਂ ਦੱਸਿਆ ਕਿ 10000 ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਉਨ੍ਹਾਂ ਨੂੰ ਉਬਲਿਆ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। 26000 ਘਰਾਂ ਦੀ ਬਿਜਲੀ ਸਪਲਾਈ ਠੱਪ ਪਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਤੋਂ ਬਿਨਾਂ ਰਹਿਣਾ ਬੇਹੱਦ ਮੁਸ਼ਕਿਲ ਹੈ ਤੇ ਅਸੀਂ ਇਸ ਨੂੰ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਲਾਪਤਾ ਵਿਅਕਤੀਆਂ ਨੂੰ ਲੱਭਿਆ ਜਾ ਰਿਹਾ ਹੈ, ਬਿਜਲੀ ਗਰਿੱਡਾਂ ਦੀ ਮੁਰੰਮਤ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਬੇਘਰਿਆਂ ਲਈ ਪਾਰਕਾਂ ਵਿਚ ਆਰਜੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਪੀਣ ਵਾਲੇ ਪਾਣੀ ਤੇ ਹੋਰ ਲੋੜੀਂਦੇ ਸਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਜੋਅ ਬਾਈਡਨ ਬੁੱਧਵਾਰ ਨੂੰ ਕੈਂਟਕੀ ਦਾ ਦੌਰਾਨ ਕਰਨਗੇ, ਜਿਸ ਦੌਰਾਨ ਉਹ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਗੱਲ ਦਾ ਧਿਆਨ ਰਖਣਗੇ ਕਿ ਉਨ੍ਹਾਂ ਦੇ ਦੌਰੇ ਨਾਲ ਬਚਾਅ ਤੇ ਸਹਾਇਤਾ ਸੇਵਾਵਾਂ ਵਿਚ ਵਿਘਨ ਨਾ ਪਵੇ।

Share