ਅਮਰੀਕਾ ‘ਚ ਜੰਗਲਾਂ ਵਿਚ ਫੈਲੀ ਅੱਗ ਕਾਰਨ 10 ਲੱਖ ਤੋਂ ਜ਼ਿਆਦਾ ਲੋਕ ਘਰ ਛੱਡਣ ਲਈ ਮਜਬੂਰ

563
ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਦੁਨੀਆ ਦੇ ਤਿੰਨ ਦੇਸ਼ ਅਮਰੀਕਾ, ਬਰਾਜ਼ੀਲ ਅਤੇ ਪਰਾਗਵੇ ਕੌਮਾਂਤਰੀ ਮਹਾਮਾਰੀ ਦੇ ਦੌਰ ਵਿਚ ਜੰਗਲ ਦੀ ਅੱਗ ਨਾਲ ਜੂਝ ਰਹੇ ਹਨ। ਅਮਰੀਕਾ ਵਿਚ ਪਿਛਲੇ ਮਹੀਨੇ ਤੋਂ ਅੱਗ ਲੱਗੀ ਹੋਈ ਹੈ, ਜੋ 12 ਪੱਛਮੀ ਸੂਬਿਆਂ ਵਿਚ 100 ਤੋਂ ਜ਼ਿਆਦਾ ਜੰਗਲਾਂ ਵਿਚ ਫੈਲ ਗਈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬਾ ਕੈਲੀਫੋਰਨੀਆ ਅਤੇ ਓਰੇਗਨ ਹੈ। ਇਨ੍ਹਾਂ ਦੋ ਸੂਬਿਆਂ ਵਿਚ ਜੰਗਲ ਦੀ ਅੱਗ 4250 ਵਰਗ ਕਿਲੋਮੀਟਰ ਖੇਤਰ ਵਿਚ ਫੈਲ ਗਈ ਹੈ। ਦੋਵੇਂ ਸੂਬਿਆਂ ਦੇ ਕਰੀਬ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣਾ ਪਿਆ ਹੈ। ਮੰਗਲਵਾਰ ਰਾਤ ਅਮਰੀਕਾ ਦੇ ਉਤਰ ਕੈਲੀਫੋਰਨੀਆ ਦੀ ਵਾਈਨ ਕਾਊਂਟੀ ਵਿਚ ਅੱਗ ਭੜਕ ਗਈ। ਇਸ ਦੀ ਲਪੇਟ ਵਿਚ ਆ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦ ਕਿ 70 ਹਜ਼ਾਰ ਲੋਕਾਂ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 15 ਹਜ਼ਾਰ ਤੋਂ ਜ਼ਿਆਦਾ ਅੱਗ ਬੁਝਾਉਣ ਲਈ ਕਰਮਚਾਰੀ ਲੱਗੇ ਹੋਏ ਹਨ। ਹੈਲੀਕਾਪਟਰ ਅਤੇ ਹਵਾਈ ਜਹਾਜ਼ ਦੀ ਮਦਦ ਲਈ ਜਾ ਰਹੀ ਹੈ। ਸਮੁੰਦਰ ਦੇ ਕਿਨਾਰੇ ਵਾਲੇ ਇਲਾਕਿਆਂ ਵਿਚ 70-80 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਇਸ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਰਹੀ ਹੈ।  ਬਰਾਜ਼ੀਲ ਦੇ ਪੈਂਟਾਨਲ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਜਾਨਵਰਾਂ ਦੀ ਮੌਤ ਹੋ ਗਈ। ਬਰਾਜ਼ੀਲ ਵਿਚ ਦੁਨੀਆ ਦਾ ਸਭ ਤੋਂ ਵੱਡਾ ਵੇਟਲੈਂਡ ਜੰਗਲ ਹੈ ਲੇਕਿਨ ਇਸ ਭਿਆਨਕ ਅੱਗ ਦੇ ਕਾਰਨ ਜ਼ਮੀਨ ਦੀ ਨਮੀ ਖਤਮ ਹੋ ਗਈ ਹੈ। ਬਰਾਜ਼ੀਲ ਵਿਚ ਫੈਲੀ ਅੱਗ ਪਰਾਗਵੇ ਤੱਕ ਪਹੁੰਚ ਗਈ ਹੈ।