ਅਮਰੀਕਾ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ 10 ਲੋਕਾਂ ਦੀ ਮੌਤ

810

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ 10 ਹੋ ਗਈ ਹੈ। ਵਾਸ਼ਿੰਗਟਨ ਦੀ ਸੂਬਾ ਸਿਹਤ ਅਧਿਕਾਰੀ ਡਾ. ਕੈਥੀ ਲਾਏ ਨੇ ਦੱਸਿਆ ਕਿ ਵਾਸ਼ਿੰਗਟਨ ‘ਚ ਕੋਰੋਨਾ ਵਾਇਰਸ ਦੇ ਘੱਟ ਤੋਂ ਘੱਟ 18 ਮਾਮਲੇ ਦਰਜ ਕੀਤੇ ਗਏ ਹਨ।
ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਮੌਤਾਂ ਵਾਸ਼ਿੰਗਟਨ ਸੂਬੇ ‘ਚ ਹੋਈਆਂ ਹਨ। ਦੇਸ਼ ‘ਚ 91 ਵਿਅਕਤੀ ਇਸ ਰੋਗ ਨਾਲ ਪੀੜਤ ਪਾਏ ਗਏ ਹਨ। 43 ਸਥਾਨਕ ਲੋਕ ਅਤੇ ਵਿਦੇਸ਼ਾਂ ਤੋਂ ਆਏ 48 ਵਿਅਕਤੀ ਇਸ ਦੀ ਲਪੇਟ ‘ਚ ਆ ਚੁੱਕੇ ਹਨ। ਚੀਨ ‘ਚ ਜਾਨਲੇਵਾ ਕੋਰੋਨਾ ਵਾਇਰਸ ਕਾਰਨ 31 ਹੋਰ ਲੋਕਾਂ ਦੀ ਮੌਤ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ 3100 ਤੋਂ ਵੱਧ ਗਈ ਹੈ। ਚੀਨ ਦੀ ਸਿਹਤ ਕਮੇਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 80,151 ਹੋ ਗਈ ਹੈ। 31 ਸੂਬਿਆਂ ਦੇ ਤਾਜ਼ਾ ਅੰਕੜਿਆਂ ਮੁਤਾਬਕ 47,204 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ‘ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸੂਬੇ ਹੁਬੇਈ ਦੇ ਵੂਹਾਨ ਸ਼ਹਿਰ ‘ਚ ਦਸੰਬਰ ‘ਚ ਸਾਹਮਣੇ ਆਇਆ ਸੀ ਅਤੇ ਤਦ ਤੋਂ ਲੈ ਕੇ ਹੁਣ ਤਕ ਇਸ ਖਤਰਨਾਕ ਕੋਰੋਨਾਵਾਇਰਸ ਕਾਰਨ 3000 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਵਾਇਰਸ 60 ਤੋਂ ਵਧੇਰੇ ਦੇਸ਼ਾਂ ‘ਚ ਫੈਲ ਚੁੱਕਾ ਹੈ।
ਟਰੰਪ ਨੇ ਅੰਤਰਰਾਸ਼ਟਰੀ ਯਾਤਰਾ ‘ਤੇ ਲਗਾਈ ਪਾਬੰਦੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਈਰਾਨ ਤੋਂ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਦੱਖਣੀ ਕੋਰੀਆ ਅਤੇ ਇਟਲੀ ਦੇ ਕੁਝ ਹਿੱਸਿਆਂ ਵਿਚ ਨਾ ਜਾਣ। ਪੱਤਰਕਾਰ ਸੰਮੇਲਨ ‘ਚ ਟਰੰਪ ਨੇ ਕਿਹਾ, ”ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਡਾ ਦੇਸ਼ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।” ਇਸ ਪੱਤਰਕਾਰ ਸੰਮੇਲਨ ‘ਚ ਸ਼ਾਮਲ ਹੁੰਦੇ ਹੋਏ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਟਰੰਪ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਨੇ ਪਿਛਲੇ ਦਿਨਾਂ ‘ਚ ਈਰਾਨ ਦੀ ਯਾਤਰਾ ਕੀਤੀ ਸੀ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੱਖਣੀ ਕੋਰੀਆ ਅਤੇ ਇਟਲੀ ਦੇ ਉਨ੍ਹਾਂ ਹਿੱਸਿਆਂ ਦੀ ਯਾਤਰਾ ਕਰਨ ਤੋਂ ਬਚਣ, ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।