ਅਮਰੀਕਾ ’ਚ ਘਰਾਂ ਵਿਚ ਮੁਫਤ ਕੋਵਿਡ ਟੈਸਟ ਲਈ ਵੈਬਸਾਈਟ ਦੀ ਸ਼ੁਰੂਆਤ

267
Share

ਸੈਕਰਾਮੈਂਟੋ, 19 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਸਤਾਵਿਤ ਐਲਾਨ ਤੋਂ ਇਕ ਦਿਨ ਪਹਿਲਾਂ ਅਮਰੀਕਾ ’ਚ ਸੰਘੀ ਸਰਕਾਰ ਦੁਆਰਾ ਘਰ ਵਿਚ ਕੋਵਿਡ ਟੈਸਟ ਕਰਨ ਲਈ ਮੁਫਤ ਟੈਸਟਿੰਗ ਕਿੱਟਾਂ ਮੰਗਵਾਉਣ ਵਾਸਤੇ ਨਵੀਂ ਵੈਬਸਾਈਟ ਦੀ ਸ਼ੁਰੂਆਤ ਹੋ ਗਈ ਹੈ। covidtests.gov ਨਾਮੀ ਵੈਬਸਾਈਟ ਉਪਰ ‘ਆਰਡਰ ਫਰੀ ਐਟ ਹੋਮ ਟੈਸਟਸ’ ਬਟਨ ਸ਼ਾਮਿਲ ਕੀਤਾ ਗਿਆ ਹੈ, ਜਿਸ ਨੂੰ ਦਬਾਅ ਕੇ ਮੁਫਤ ਕਿੱਟਾਂ ਲਈ ਆਰਡਰ ਦਿੱਤਾ ਜਾ ਸਕਦਾ ਹੈ। ਇਸ ਮੌਕੇ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਵੈਬਸਾਈਟ ਅਜੇ ਮੁੱਢਲੇ ਪੜਾਅ ’ਤੇ ਹੈ, ਇਸ ਲਈ ਸਮੱਸਿਆਵਾਂ ਆ ਸਕਦੀਆਂ ਹਨ ਪਰੰਤੂ ਪ੍ਰਸ਼ਾਸਨ ਦੀ ਸਭ ਤੋਂ ਵਧੀਆ ਤਕਨੀਕੀ ਟੀਮ ਤੇ ਡਾਕ ਸੇਵਾਵਾਂ ਵਿਭਾਗ ਇਸ ਦੀ ਸਫਲਤਾ ਲਈ ਸਖਤ ਮਿਹਨਤ ਕਰ ਰਿਹਾ ਹੈ। ਸਾਰੇ ਹੀ ਯੋਗ ਰਿਹਾਇਸ਼ੀ ਪਤਿਆਂ ਉਪਰ ਇਕ ਵਿਅਕਤੀ 4 ਮੁਫਤ ਕਿੱਟਾਂ ਮੰਗਵਾ ਸਕਦਾ ਹੈ ਪਰੰਤੂ ਡਾਕ ਵਿਭਾਗ ਹਰ ਵਾਰ ਇਕ ਕਿੱਟ ਹੀ ਘਰਾਂ ’ਚ ਪਹੁੰਚਾਵੇਗਾ। ਕਿੱਟਾਂ ਲਈ ਆਰਡਰ ਮਿਲਣ ਉਪਰੰਤ 7 ਤੋਂ 12 ਦਿਨਾਂ ਦੇ ਵਿਚ ਕਿੱਟਾਂ ਦਿੱਤੇ ਰਿਹਾਇਸ਼ੀ ਪਤੇ ਉਪਰ ਪੁੱਜ ਜਾਣਗੀਆਂ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਪਹਿਲਾਂ ਹੀ ਘਰਾਂ ਵਿਚ ਟੈਸਟ ਕਿੱਟਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਲੋਕ ਖੁਦ ਹੀ ਟੈਸਟ ਕਰਕੇ ਆਪਣੇ ਆਪ ਨੂੰ ਪੌਜ਼ਟਿਵ ਜਾਂ ਨੈਗਟਿਵ ਹੋਣ ਦਾ ਪਤਾ ਲਾ ਰਹੇ ਹਨ।

Share