ਅਮਰੀਕਾ ’ਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 5 ਦੀ ਮੌਤ

262
Share

ਟਾਕੋਮਾ/ਸੈਂਟਾ ਫੇ (ਅਮਰੀਕਾ), 23 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਟਾਕੋਮਾ ’ਚ ਵੀਰਵਾਰ ਬਾਅਦ ਦੁਪਹਿਰ ਵਾਪਰੀ ਗੋਲੀਬਾਰੀ ਦੀ ਘਟਨਾ ’ਚ ਚਾਰ ਜਣੇ ਹਲਾਕ ਹੋ ਗਏ ਹਨ। ਪੁਲੀਸ ਦੀ ਤਰਜਮਾਨ ਵੈਂਡੀ ਹੈਡੋ ਨੇ ‘ਦਿ ਨਿਊਜ਼ ਐਕਸਪ੍ਰੈੱਸ’ ਅਖਬਾਰ ਨੂੰ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ਹਿਰ ਦੇ ਪੂਰਬ ਵੱਲ ਐਵਰੈੱਟ ਸਟਰੀਟ ’ਤੇ ਇੱਕ ਰਿਹਾਇਸ਼ ਦੇ ਪਿੱਛੇ ਗਲੀ ਵਿਚ ਵਾਪਰੀ। ਟਾਕੋਮਾ ਪੁਲਿਸ ਵਿਭਾਗ ਨੇ ਟਵਿੱਟਰ ’ਤੇ ਦੱਸਿਆ ਕਿ ਘਟਨਾ ਵਿਚ ਦੋ ਔਰਤਾਂ ਤੇ ਇੱਕ ਪੁਰਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਵੱਲੋਂ ਲਗਪਗ 6.30 ਵਜੇ ਇੱਕ ਹੋਰ ਟਵੀਟ ’ਚ ਦੱਸਿਆ ਕਿ ਹਸਪਤਾਲ ਲਿਜਾਏ ਗਏ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਸਾਰੇ ਮਿ੍ਰਤਕ ਬਾਲਗ ਸਨ। ਇਸੇ ਦੌਰਾਨ ਇੱਕ ਘਟਨਾ ਵਿਚ ਅਦਾਕਾਰ ਐਲਕ ਬਾਲਡਵਿਨ ਵੱਲੋਂ ਫ਼ਿਲਮ ਦੇ ਸੈੱਟ ’ਤੇ ‘ਪ੍ਰੌਪ ਗੰਨ’ ਨਾਲ ਗੋਲੀ ਚਲਾਉਣ ਕਾਰਨ ਇੱਕ ਸਿਨੇਮੈਟੋਗ੍ਰਾਫ਼ਰ ਦੀ ਮੌਤ ਹੋ ਗਈ, ਜਦਕਿ ਘਟਨਾ ਵਿਚ ਫ਼ਿਲਮ ਦਾ ਡਾਇਰੈਕਟਰ ਜ਼ਖ਼ਮੀ ਹੋ ਗਿਆ। ਸੈਂਟਾ ਫੇਅ ਕਾਊਂਟੀ ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਨੇਮੈਟੋਗ੍ਰਾਫ਼ਰ ਹਾਲੇਨਾ ਹਚਿਨਜ਼ ਅਤੇ ਡਾਇਰੈਕਟਰ ਜੋਏਲ ਸੌਜ਼ਾ ਨੂੰ ਬੁੱਧਵਾਰ ਨੂੰ ਸੈਂਟਾ ਫੇਅ ਦੇ ਬਾਹਰਵਾਰ ਦੱਖਣੀ ਮਾਰੂਥਲ ਵਿਚ ਫ਼ਿਲਮ ‘ਰਸਟ’ ਦੇ ਸੈੱਟ ’ਤੇ ਗੋਲੀ ਮਾਰੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share