ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ 6 ਲੋਕਾਂ ਦੀ ਹੋਈ ਮੌਤ: 39 ਲੋਕ ਜ਼ਖਮੀ

197
Share

-ਬੀਤੇ ਹਫਤੇ 6 ਘੰਟਿਆਂ ’ਚ ਵੱਡੇ ਪੱਧਰ ’ਤੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ: ਪੁਲਿਸ ਵੱਲੋਂ ਜਾਂਚ ਜਾਰੀ
ਫਰਿਜ਼ਨੋ, 16 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰਾਂ ’ਚ ਪਿਛਲੇ ਹਫਤੇ ਦੇ ਅਖੀਰ ’ਚ ਗੋਲੀਬਾਰੀ ਦੀਆਂ ਹੋਈਆਂ ਘਟਨਾਵਾਂ ਵਿਚ 6 ਲੋਕਾਂ ਦੀ ਮੌਤ ਹੋਣ ਦੇ ਨਾਲ ਘੱਟੋ-ਘੱਟ 39 ਲੋਕ ਜ਼ਖਮੀ ਹੋਏ ਹਨ।
ਅਮਰੀਕਾ ਦੇ ਅਸਟਿਨ, ਕਲੀਵਲੈਂਡ, ਸ਼ਿਕਾਗੋ ਅਤੇ ਸਵਾਨਾ ਆਦਿ ਸ਼ਹਿਰਾਂ ਵਿਚ ਪੁਲਿਸ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਦੀ ਸਵੇਰ ਦੇ ਵਿਚਕਾਰ ਤਕਰੀਬਨ 6 ਘੰਟਿਆਂ ਦੌਰਾਨ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਸਵਾਨਾ ਦੇ ਪੁਲਿਸ ਮੁਖੀ ਅਨੁਸਾਰ ਸ਼ੁੱਕਰਵਾਰ ਨੂੰ ਰਾਤ 9 ਵਜੇ ਦੇ ਕਰੀਬ ਪੂਰਬੀ ਸਵਾਨਾ ਦੇ ਰਿਹਾਇਸ਼ੀ ਇਲਾਕੇ ਵਿਚ ਇੱਕ ਘਰ ਦੇ ਸਾਹਮਣੇ ਖੜ੍ਹੇ ਲੋਕਾਂ ਦੇ ਸਮੂਹ ’ਤੇ ਇੱਕ ਸੇਡਾਨ ਕਾਰ ਵਿਚੋਂ ਗੋਲੀਬਾਰੀ ਕੀਤੀ ਗਈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 18 ਮਹੀਨੇ ਦੇ ਇੱਕ ਬੱਚੇ ਅਤੇ ਦੋ ਕਿਸ਼ੋਰਾਂ ਸਮੇਤ ਅੱਠ ਹੋਰ ਜ਼ਖਮੀ ਹੋ ਗਏ। ਮਾਰੇ ਗਏ 20 ਸਾਲਾ ਵਿਅਕਤੀ ਦੀ ਪਛਾਣ ਸਵਾਨਾ ਦੇ ਆਰਥਰ ਮਿਲਟਨ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸਵਾਨਾ ਦੀ ਗੋਲੀਬਾਰੀ ਤੋਂ ਤਕਰੀਬਨ ਚਾਰ ਘੰਟੇ ਬਾਅਦ, ਅਸਟਿਨ ਡਾਊਨਟਾਊਨ ਇੰਟਨਟੇਨਮੈਂਟ ਡਿਸਟਿ੍ਰਕਟ ਦੀ ਇੱਕ ਗਲੀ ’ਚ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਦੀ ਮੌਤ, 13 ਲੋਕ ਜ਼ਖਮੀ ਅਤੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਮੁਖੀ ਜੋਸੇਫ ਚੈਕਨ ਨੇ ਕਿਹਾ ਕਿ ਇੱਕ ਸ਼ੱਕੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ। ਇਹ ਗੋਲੀਬਾਰੀ ਦੋ ਸਮੂਹਾਂ ਵਿਚਾਲੇ ਝਗੜੇ ਕਾਰਨ ਹੋਈ ਅਤੇ ਇਸਦੇ ਸ਼ਿਕਾਰ ਜ਼ਿਆਦਾਤਰ ਬੇਕਸੂਰ ਲੋਕ ਸਨ। ਅਸਟਿਨ ਵਿਚ ਸਮੂਹਿਕ ਗੋਲੀਬਾਰੀ ਤੋਂ ਬਾਅਦ ਸ਼ਿਕਾਗੋ ਦੇ ਦੱਖਣ ਵਾਲੇ ਪਾਸੇ ਫੁੱਟਪਾਥ ’ਤੇ ਸ਼ੂਟਿੰਗ ਹੋਈ, ਜਿਸ ਵਿਚ ਇੱਕ ਔਰਤ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਸ਼ਿਕਾਗੋ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਨੇ ਸ਼ਿਕਾਗੋ ਦੇ ਚੈਥਮ ਨੇੜੇ ਇੱਕ ਭੀੜ ਵਾਲੇ ਫੁੱਟਪਾਥ ’ਤੇ ਸ਼ਨੀਵਾਰ ਨੂੰ ਰਾਤ 2 ਵਜੇ ਤੋਂ ਬਾਅਦ ਗੋਲੀਬਾਰੀ ਕੀਤੀ। ਪੁਲਿਸ ਦੁਆਰਾ ਇਨ੍ਹਾਂ ਅਤੇ ਹੋਰ ਗੋਲੀਬਾਰੀ ਦੀਆਂ ਘਟਨਾਵਾਂ ਲਈ ਦੁੱਖ ਪ੍ਰਗਟ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਜਾਂਚ ਜਾਰੀ ਹੈ। ਇੱਕ ਆਨਲਾਈਨ ਸਾਈਟ ਗੰਨ ਵਾਇਓਲੈਂਸ ਆਰਚੀਵ ਜੋ ਕਿ ਦੇਸ਼ ਭਰ ਵਿਚ ਗੋਲੀਬਾਰੀ ਨੂੰ ਵੇਖਦੀ ਹੈ, ਦੇ ਅਨੁਸਾਰ 2021 ਵਿਚ ਦੇਸ਼ ਭਰ ’ਚ 270 ਵਾਰ ਵੱਡੇ ਪੱਧਰ ’ਤੇ ਗੋਲੀਬਾਰੀ ਕੀਤੀ ਗਈ ਹੈ।

 

 

**************************************¿;

 


Share