ਅਮਰੀਕਾ ’ਚ ਗੈਰ ਕਾਨੂੰਨੀ ਕਾਮਿਆਂ ਨੂੰ ਬਾਇਡਨ ਪ੍ਰਸ਼ਾਸਨ ਵੱਲੋਂ ਵੱਡੀ ਰਾਹਤ

256
Share

ਸੈਕਰਾਮੈਂਟੋ, 13 ਅਕਤੂਬਰ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਦੇ ਇਕ ਆਦੇਸ਼ ਅਨੁਸਾਰ ਅਮਰੀਕਾ ’ਚ ਗੈਰ ਕਾਨੂੰਨੀ ਕਾਮਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਉਨ੍ਹਾਂ ਦੇ ਕੰਮ ਕਰਨ ਦੇ ਸਥਾਨਾਂ ’ਤੇ ਇੰਮੀਗ੍ਰੇਸ਼ਨ ਛਾਪੇ ਨਹੀਂ ਪੈਣਗੇ।
ਹੋਮਲੈਂਡ ਸਕਿਓਰਿਟੀ ਸੈਕਟਰੀ ਐਲਜੈਂਡਰੋ ਮੋਰਕਾਸ ਦੁਆਰਾ ਜਾਰੀ ਕੀਤੇ ਇਕ ਬਿਆਨ ਅਨੁਸਾਰ ਬਾਇਡਨ ਪ੍ਰਸ਼ਾਸਨ ਕੰਮ ਵਾਲੀਆਂ ਥਾਂਵਾਂ ’ਤੇ ਇੰਮੀਗ੍ਰੇਸ਼ਨ ਛਾਪਿਆਂ ਨੂੰ ਖਤਮ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਹੁਣ ਗੈਰ ਕਾਨੂੰਨੀ ਤੌਰ ’ਤੇ ਕੰਮ ਕਰ ਰਹੇ ਕਾਮਿਆਂ ਨੂੰ ਉਨ੍ਹਾਂ ਦੇ ਮਾਲਕਾਂ ਵੱਲੋਂ ਵੀ ਸ਼ੋਸ਼ਨ ਨਹੀਂ ਕੀਤਾ ਜਾ ਸਕਦਾ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਈ.ਸੀ.ਸੀ. ਅਤੇ ਹੋਰ ਸੁਰੱਖਿਆ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਤੌਰ ’ਤੇ ਕੰਮ ਕਰਨ ਵਾਲੇ ਕਾਮਿਆਂ ’ਤੇ ਸਖਤੀ ਕਰਨ ਲਈ ਕਿਹਾ ਸੀ ਅਤੇ ਵੱਡੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ। ਉਸ ਹੁਕਮ ਨੂੰ ਬਾਇਡਨ ਪ੍ਰਸ਼ਾਸਨ ਨੇ ਉਲਟ ਦਿੱਤਾ ਹੈ।
ਇੰਮੀਗ੍ਰੇਸ਼ਨ ਬਹਿਸ ਵਿਚ ਡੈਮੋਕ੍ਰੇਟਿਕ ਆਗੂਆਂ ਨੇ ਇਸ ਦਾ ਭਰਪੂਰ ਸਮਰਥਨ ਦਿੱਤਾ, ਜਦਕਿ ਰਿਪਬਲਿਕਨ ਆਗੂ ਇਸ ਦੇ ਉਲਟ ਰਹੇ। ਐਲਜੈਂਡਰੋ ਮੋਰਕਾਸ ਦਾ ਬਿਆਨ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਉਨ੍ਹਾਂ ਦੇ ਮਾਲਕਾਂ ਉੱਪਰ ਸਖਤੀ ਕਰਨ ’ਤੇ ਕੇਂਦਰਿਤ ਹੈ। ਉਸ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀ ਗ੍ਰਿਫ਼ਤਾਰੀਆਂ ਕਰਨ ਨਾਲ ਦੇਸ਼ ਦਾ ਅਰਥਚਾਰਾ ਕਮਜ਼ੋਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੇਈਮਾਨ ਮਾਲਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਜੋ ਅਮਰੀਕਾ ਵਿਚ ਗੈਰ ਕਾਨੂੰਨੀ ਕਰਮਚਾਰੀਆਂ ਦਾ ਸ਼ੋਸ਼ਨ ਕਰਦੇ ਹਨ ਜਾਂ ਉਨ੍ਹਾਂ ਨਾਲ ਗੈਰ ਕਾਨੂੰਨੀ ਗਤੀਵਿਧੀਆਂ ਕਰਦੇ ਹਨ ਅਤੇ ਜਾਂ ਅਸੁਰੱਖਿਅਤ ਕੰਮ ਦੀਆਂ ਸਥਿਤੀਆਂ ਨੂੰ ਲਾਗੂ ਕਰਦੇ ਹਨ।
ਇਸ ਐਲਾਨ ਨਾਲ ਅਮਰੀਕਾ ਵਿਚ ਵੱਡੀ ਗਿਣਤੀ ’ਚ ਰਹਿ ਰਹੇ ਗੈਰ ਕਾਨੂੰਨੀ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ। ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ’ਤੇ ਮਾਲਕਾਂ ਵੱਲੋਂ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਗੈਰ ਕਾਨੂੰਨੀ ਲੋਕ ਖੁੱਲ੍ਹੇਆਮ ਕੰਮ ਕਰਨ ਦੇ ਹੱਕਦਾਰ ਹੋ ਗਏ ਹਨ।


Share