ਅਮਰੀਕਾ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 2 ਲੱਖ ਦੇ ਕਰੀਬ

664
Share

-ਕੋਰੋਨਾ ਦੇ ਪ੍ਰਕੋਪ ਨਾਲ ਨਜਿੱਠਣ ਲਈ ਰੋਜ਼ਾਨਾ ਕੀਤੀ ਜਾ ਰਹੀ ਹੈ 1 ਲੱਖ ਲੋਕਾਂ ਦੀ ਜਾਂਚ
ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਅਜਾਰ ਨੇ ਕਿਹਾ ਕਿ ਦੇਸ਼ ‘ਚ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਹਰ ਰੋਜ਼ ਇਕ ਲੱਖ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜੌਨਸ ਹਾਪਕਿੰਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ ਦੇ ਕਰੀਬ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਕੋਰੋਨਾ ਖਿਲਾਫ ਲੜਾਈ ‘ਚ ਇਕ ਇਤਿਹਾਸਕ ਮੀਲ ਦੇ ਪੱਥਰ ਤੱਕ ਪੁੱਜ ਗਏ ਹਨ ਤੇ ਲੱਖਾਂ ਲੋਕਾਂ ਦੀ ਜਾਂਚ ਹੋ ਰਹੀ ਹੈ।
ਅਮਰੀਕਾ ‘ਚ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਵਾਸ਼ਿੰਗਟਨ ਸ਼ਹਿਰ ਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਹਿਰ ਦੀ ਮੇਅਰ ਮੁਰੀਅਲ ਬੋਸਰ ਨੇ ਟਵੀਟ ਕਰਕੇ ਕਿਹਾ, ”ਕੋਵਿਡ-19 ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕੋਲੰਬੀਆ ਜ਼ਿਲ੍ਹੇ ਲਈ ਘਰ ‘ਚ ਰਹਿਣ ਦਾ ਹੁਕਮ ਜਾਰੀ ਕਰ ਰਹੀ ਹਾਂ। ਇਹ ਹੁਕਮ ਨਿਵਾਸੀਆਂ ਨੂੰ ਜ਼ਰੂਰੀ ਗਤੀਵਿਧੀਆਂ ਨੂੰ ਛੱਡ ਕੇ ਘਰ ਵਿਚ ਰਹਿਣ ਲਈ ਹੈ।” ਉਨ੍ਹਾਂ ਕਿਹਾ ਕਿ ਹੁਕਮ ਦੀ ਉਲੰਘਣਾ ਦੇ ਦੋਸ਼ੀ ਨੂੰ 5,000 ਅਮਰੀਕੀ ਡਾਲਰ ਦਾ ਜੁਰਮਾਨਾ, ਘੱਟ ਤੋਂ ਘੱਟ 90 ਦਿਨਾਂ ਦੀ ਜੇਲ੍ਹ ਅਤੇ ਦੋਵੇਂ ਹੀ ਸਜ਼ਾ ਹੋ ਸਕਦੀ ਹੈ। ਹੁਕਮ ਮੁਤਾਬਕ ਲੋਕਾਂ ਨੂੰ ਸਿਰਫ ਜ਼ਰੂਰੀ ਗਤੀਵਿਧੀਆਂ ਵਰਗੇ ਮੈਡੀਕਲ, ਭੋਜਨ, ਜ਼ਰੂਰੀ ਸਾਮਾਨ ਲਿਆਉਣ ਅਤੇ ਜ਼ਰੂਰੀ ਕੰਮਾਂ ‘ਤੇ ਜਾਣ ਲਈ ਘਰਾਂ ਵਿਚੋਂ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਕੋਰੋਨਾ ਪੀੜਤ ਦੇਸ਼ ਬਣ ਗਿਆ ਹੈ। ਇੱਥੇ ਹੁਣ ਤੱਕ 3900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮਾਮਲੇ ਨਿਊਯਾਰਕ ‘ਚ ਦੇਖਣ ਨੂੰ ਮਿਲ ਰਹੇ ਹਨ। ਅਮਰੀਕਾ ‘ਚ 5,846 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।


Share