ਅਮਰੀਕਾ ‘ਚ ਕੋਰੋਨਾ ਕਾਰਨ 37 ਹਜ਼ਾਰ ਮੌਤਾਂ

829
Share

ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੂੰ ਲੈ ਕੇ ਮੈਡੀਕਲ ਅਫਸਰਾਂ ਵਲੋਂ ਪ੍ਰਗਟਾਇਆ ਗਿਆ ਡਰ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਥੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 37,158 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 7,10,021 ਲੋਕ ਵਾਇਰਸ ਦੀ ਲਪੇਟ ਵਿਚ ਹਨ। ਹਾਲਾਂਕਿ, ਇਸ ਵਿਚਕਾਰ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 60 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਦੂਜੇ ਪਾਸੇ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਮਰੀਕਾ ਜਲਦੀ ਹੀ ਇਸ ਮਹਾਮਾਰੀ ਦੀ ਲਪੇਟ ਵਿਚੋਂ ਬਾਹਰ ਆ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਆਸ ਦੀ ਕਿਰਣ ਦਿਖਾਈ ਦੇ ਰਹੀ ਹੈ। ਟਰੰਪ ਨੇ ਮੌਤਾਂ ਦੇ ਅੰਕੜਿਆਂ ‘ਤੇ ਗੱਲ ਕਰਦਿਆਂ ਕਿਹਾ ਕਿ ਅਮਰੀਕਾ ਵਿਚ 65 ਹਜ਼ਾਰ ਲੋਕਾਂ ਦੀ ਮੌਤ ਹੋ ਸਕਦੀ ਹੈ।
ਕੋਰੋਨਾ ਵਾਇਰਸ ਨੇ ਅਮਰੀਕਾ ਵਿਚ ਸਭ ਤੋਂ ਵੱਧ ਇਸ ਦੇ ਸੂਬੇ ਨਿਊਯਾਰਕ ਨੂੰ ਹੀ ਲਪੇਟ ਵਿਚ ਲਿਆ ਹੈ। ਮਹਾਂਮਾਰੀ ਦਾ ਕੇਂਦਰ ਬਣੇ ਨਿਊਯਾਰਕ ਵਿਚ ਹੁਣ ਤੱਕ 14,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 2 ਲੱਖ ਲੋਕ ਪੀੜਤ ਹਨ। ਗੁਆਂਢੀ ਸ਼ਹਿਰ ਨਿਊਜਰਸੀ ਵਿਚ 78,000 ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 3,800 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਟਰੰਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਨੇ ਹੁਣ ਤੱਕ 37.8 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਹੈ, ਜੋ ਕਿਸੇ ਵੀ ਦੇਸ਼ ਵਿਚ ਸਭ ਤੋਂ ਵੱਧ ਜਾਂਚ ਹੈ। ਉਨ੍ਹਾਂ ਕਿਹਾ, “ਨਿਊਯਾਰਕ ਅਤੇ ਲੁਈਸਿਆਨਾ ਵਿਚ ਅਸੀਂ ਦੱਖਣੀ ਕੋਰੀਆ, ਸਿੰਗਾਪੁਰ ਅਤੇ ਹੋਰ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਹੈ। ਅਮਰੀਕਾ ਕੋਲ ਵਿਸ਼ਵ ਦੇ ਕਿਸੇ ਵੀ ਦੇਸ਼ ਨਾਲੋਂ ਵਧੇਰੇ ਮਜ਼ਬੂਤ, ਉੱਨਤ ਅਤੇ ਸਟੀਕ ਜਾਂਚ ਪ੍ਰਣਾਲੀ ਹੈ।”

ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਯਤਨ ਨਾ ਕੀਤੇ ਹੁੰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਵੱਧ ਹੁੰਦੀ। ਇਕ ਤੋਂ ਦੋ ਲੱਖ ਮੌਤਾਂ ਦੇ ਸ਼ੁਰੂਆਤੀ ਅਨੁਮਾਨ ਖਿਲਾਫ ਉਨ੍ਹਾਂ ਨੇ ਉਮੀਦ ਪ੍ਰਗਟਾਈ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਅਤੇ ਲਗਭਗ 65,000 ਤੱਕ ਰਹਿ ਸਕਦੀ ਹੈ। ਟਰੰਪ ਨੇ ਕਿਹਾ, “ਸਾਡੇ ਦੇਸ਼ ਨਾਲ ਜੋ ਵਾਪਰਿਆ ਉਹ ਡਰਾਉਣਾ ਹੈ। ਦੁਨੀਆ ਭਰ ਦੇ 184 ਦੇਸ਼ਾਂ ਨਾਲ ਜੋ ਵਾਪਰਿਆ ਉਹ ਭਿਆਨਕ ਹੈ। ਇਹ ਇਕ ਭਿਆਨਕ ਚੀਜ਼ ਹੈ ਅਤੇ ਇਸ ਦਾ ਕੋਈ ਕਾਰਨ ਨਹੀਂ ਹੈ। ਅਜਿਹਾ ਦੁਬਾਰਾ ਕਦੇ ਨਹੀਂ ਹੋਣਾ ਚਾਹੀਦਾ।”

ਦੂਜੇ ਪਾਸੇ, ਅਮਰੀਕਾ ਇਸ ਖਬਰ ‘ਤੇ ਵੀ ਨਜ਼ਰ ਰੱਖ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਚੀਨ ਦੇ ਵਾਇਰਸ ਬੈਂਕ ਤੋਂ ਬਾਹਰ ਨਿਕਲਿਆ ਜਿਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਟਰੰਪ ਨੇ ਕਿਹਾ ਕਿ ਉਹ ਖਬਰਾਂ ਵੱਲ ਧਿਆਨ ਦੇ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਚੀਨ ਦੇ ਵਾਇਰਸ ਬੈਂਕ ਨੂੰ ਦਿੱਤੇ ਜਾ ਰਹੇ ਫੰਡਾਂ ਨੂੰ ਰੋਕਣਗੇ।


Share