ਅਮਰੀਕਾ ’ਚ ਕੋਰੋਨਾ ਕਾਰਨ ਹਸਪਤਾਲ ’ਚ ਭਰਤੀ ਕੀਤੇ ਲੋਕਾਂ ’ਚੋਂ ਜ਼ਿਆਦਾਤਰ ਸਨ ਮੋਟਾਪੇ ਦਾ ਸ਼ਿਕਾਰ: ਸੀ.ਡੀ.ਸੀ.

236
Share

ਫਰਿਜ਼ਨੋ, 10 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੰਸਥਾ ਸੀ.ਡੀ.ਸੀ. ਨੇ ਸੋਮਵਾਰ ਨੂੰ ਇੱਕ ਨਵੇਂ ਅਧਿਐਨ ਅਨੁਸਾਰ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕੋਰੋਨਾ ਕਾਰਨ ਹਸਪਤਾਲ ਵਿਚ ਦਾਖਲ ਹੋਏ ਮਰੀਜ਼, ਜਿਨ੍ਹਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਜਾਂ ਜੋ ਕੋਵਿਡ-19 ਕਾਰਨ ਜਾਨ ਗਵਾ ਚੁੱਕੇ ਹਨ, ਉਨ੍ਹਾਂ ਵਿਚੋਂ ਤਕਰੀਬਨ 78 ਪ੍ਰਤੀਸ਼ਤ ਵੱਧ ਭਾਰ ਜਾਂ ਮੋਟਾਪੇ ਤੋਂ ਪੀੜਤ ਸਨ। ਇਸ ਅਧਿਐਨ ਤਹਿਤ ਮਾਰਚ ਤੋਂ ਦਸੰਬਰ ਤੱਕ ਅਮਰੀਕਾ ਦੇ 238 ਹਸਪਤਾਲਾਂ ਵਿਚ ਐਮਰਜੈਂਸੀ ਦੌਰਾਨ ਇਲਾਜ ਪ੍ਰਾਪਤ ਕਰਨ ਵਾਲੇ 148,494 ਬਾਲਗਾਂ ਵਿਚੋਂ, 71,491 ਹਸਪਤਾਲ ਵਿਚ ਦਾਖਲ ਸਨ।¿; ਸੀ.ਡੀ.ਸੀ. ਦੀ ਰਿਪੋਰਟ ਦੇ ਅਨੁਸਾਰ ਜਿਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 27.8% ਦਾ ਵਧੇਰੇ ਭਾਰ ਅਤੇ 50.2% ਮੋਟੇ ਸਨ। 25 ਜਾਂ ਇਸ ਤੋਂ ਵੱਧ ਦੇ ਬਾਡੀ ਮਾਸ ਇਨਡੈਕਸ (ਬੀ.ਐੱਮ.ਆਈ.) ਨੂੰ ਓਵਰਵੇਟ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ, ਜਦੋਂ ਕਿ 30 ਜਾਂ ਇਸ ਤੋਂ ਵੱਧ ਦੀ ਬੀ.ਐੱਮ.ਆਈ. ਹੋਣ ਨੂੰ ਮੋਟਾਪੇ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਏਜੰਸੀ ਨੇ ਪਾਇਆ ਕਿ 25 ਤੋਂ ਘੱਟ ਬੀ.ਐੱਮ.ਆਈ. ਵਾਲੇ ਵਿਅਕਤੀਆਂ ਵਿਚ ਹਸਪਤਾਲ ਦਾਖਲੇ, ਆਈ.ਸੀ.ਯੂ. ਦਾਖਲਾ ਅਤੇ ਮੌਤ ਦਾ ਜ਼ੋਖਮ ਸਭ ਤੋਂ ਘੱਟ ਸੀ, ਜਦਕਿ ਗੰਭੀਰ ਬੀਮਾਰੀ ਦਾ ਖ਼ਤਰਾ 65 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿਚ ਬੀ.ਐੱਮ.ਆਈ. ਵੱਧ ਹੋਣ ਕਾਰਨ ਜ਼ਿਆਦਾ ਸੀ। ਅਮਰੀਕਾ ਵਿਚ ਮੋਟਾਪਾ ਇੱਕ ਆਮ ਅਤੇ ਘਾਤਕ ਬਿਮਾਰੀ ਹੈ। ਇਸਦੇ ਇਲਾਵਾ ਮੋਟਾਪਾ ਹੋਣਾ ਕੋਰੋਨਾ ਵਰਗੀ ਗੰਭੀਰ ਬਿਮਾਰੀ ਦੇ ਜ਼ੋਖਮ ਨੂੰ ਵੀ ਵਧਾਉਂਦਾ ਹੈ। ਏਜੰਸੀ ਨੇ ਦੱਸਿਆ ਕਿ ਮੋਟਾਪਾ ਕਮਜ਼ੋਰ ਇਮਿਊਨ ਫੰਕਸ਼ਨ ਅਤੇ ਫੇਫੜਿਆਂ ਦੀ ਸਮਰੱਥਾ ਵਿਚ ਕਮੀ ਨਾਲ ਜੁੜਿਆ ਹੋਇਆ ਹੈ, ਜੋ ਸਾਹ ਪ੍ਰਣਾਲੀ ਨੂੰ ਹੋਰ ਮੁਸ਼ਕਲ ਬਣਾ ਸਕਦਾ ਹੈ।

Share