ਅਮਰੀਕਾ ‘ਚ ਕੋਰੋਨਾਵਾਇਰਸ ਦੀ ਸਥਿਤੀ ਹੋਈ ਭਿਆਨਕ

540
Share

-3 ਲੱਖ ਤੋਂ ਪਾਰ ਹੋਈ ਮੌਤਾਂ ਦੀ ਗਿਣਤੀ
– 10 ਲੱਖ ਲੋਕਾਂ ਪਿੱਛੇ ਲਗਭਗ 886 ਲੋਕਾਂ ਦੀ ਹੋਈ ਮੌਤ : ਅੰਕੜੇ
ਫਰਿਜ਼ਨੋ, 16 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-  ਕੋਰੋਨਾਵਾਇਰਸ ਮਹਾਂਮਾਰੀ ਤੋਂ ਪ੍ਰਭਾਵਿਤ ਦੇਸ਼ਾਂ ‘ਚ ਅਮਰੀਕਾ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਇਸ ਵਾਇਰਸ ਕਾਰਨ ਲੱਖਾਂ ਹੀ ਅਮਰੀਕਾ ਵਾਸੀਆਂ ਦੀ ਜਾਨ ਗਈ ਹੈ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਸੰਬੰਧੀ ਨਵੇਂ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਕੋਵਿਡ-19 ਕਰਕੇ ਅਮਰੀਕਾ ‘ਚ ਮੌਤਾਂ ਦੀ ਗਿਣਤੀ 3 ਲੱਖ ਤੋਂ ਵੱਧ ਹੋ ਗਈ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਇਨ੍ਹਾਂ ਅੰਕੜਿਆਂ ਅਨੁਸਾਰ ਅਮਰੀਕਾ ਦੀਆਂ ਕੋਰੋਨਾ ਮੌਤਾਂ ਦੇ ਅੰਕੜੇ ਵਾਇਰਸ ਨਾਲ ਦੁਨੀਆਂ ਭਰ ਵਿਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਦਾ ਲੱਗਭਗ ਪੰਜਵਾਂ ਹਿੱਸਾ ਹਨ। ਤੇਜ਼ੀ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਦੇਸ਼ ਦੇ ਕਈ ਸੂਬਿਆਂ ਵਿਚ ਸਤੰਬਰ ਦੇ ਅਖੀਰ ਅਤੇ ਨਵੰਬਰ ਦੇ ਅੱਧ ਵਿਚਕਾਰ 200,000 ਤੋਂ 250,000 ਤੱਕ ਹੋ ਗਈ ਸੀ, ਜਦਕਿ ਅੰਕੜਿਆਂ ਦੇ ਅਨੁਸਾਰ, ਸੰਯੁਕਤ ਰਾਜ ‘ਚ ਪ੍ਰਤੀ 10 ਲੱਖ ਲੋਕਾਂ ਪਿੱਛੇ ਲਗਭਗ 886 ਲੋਕਾਂ ਦੀ ਮੌਤ ਹੋਈ ਹੈ। ਬੇਸ਼ੱਕ ਦੇਸ਼ ਵਿਚ ਕੋਰੋਨਾਵਾਇਰਸ ਟੀਕੇ ਦੀ ਸ਼ੁਰੂਆਤ ਨਾਲ ਇਸਦੇ ਇਲਾਜ ਦੀਆਂ ਉਮੀਦਾਂ ਹੋ ਰਹੀਆਂ ਹਨ ਪਰ ਸਿਹਤ ਮਾਹਿਰਾਂ ਵੱਲੋਂ ਸਰਦੀਆਂ ਦੇ ਮਹੀਨਿਆਂ ਦੌਰਾਨ ਵਾਇਰਸ ਨਾਲ ਸਬੰਧਤ ਮੌਤਾਂ ਦੇ ਵਧਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਦੌਰਾਨ ਦੇਸ਼ ਭਰ ਵਿਚ 16 ਮਿਲੀਅਨ ਤੋਂ ਵੱਧ ਪੁਸ਼ਟੀ ਕੀਤੇ ਵਾਇਰਸ ਦੇ ਕੇਸ ਦਰਜ ਹੋਏ ਹਨ।


Share