ਅਮਰੀਕਾ ‘ਚ ਕੋਰੋਨਾਵਾਇਰਸ; ਟਰੰਪ ਨੇ ਬੱਚਿਆਂ ਨੂੰ ਆਰਾਮ ਨਾਲ ਘਰ ਰਹਿਣ ਦੀ ਦਿੱਤੀ ਸਲਾਹ

744
Share

ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਬੰਦ ਦੇ ਚੱਲਦੇ ਆਪਣੇ ਪਰਿਵਾਰਾਂ ਦੇ ਨਾਲ ਘਰਾਂ ਵਿਚ ਰਹਿ ਰਹੇ ਲੱਖਾਂ ਬੱਚਿਆਂ ਨੂੰ ਰਾਸ਼ਟਰਪਤੀ ਟਰੰਪ ਨੇ ਆਰਾਮ ਨਾਲ ਘਰੇ ਬੈਠਣ, ਚੰਗੀ ਤਰ੍ਹਾਂ ਵਿਵਹਾਰ ਕਰਨ, ਹੱਥ ਧੋਂਦੇ ਰਹਿਣ ਤੇ ਉਹਨਾਂ ਨੂੰ ਦੇਸ਼ ‘ਤੇ ਮਾਣ ਕਰਨ ਸਲਾਹ ਦਿੱਤੀ ਹੈ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਫੈਲਣ ਦੇ ਨਾਲ ਦੁਨੀਆ ਦੇ ਸਾਰੇ ਬਾਕੀ ਦੇਸ਼ਾਂ ਵਾਂਗ ਅਮਰੀਕਾ ਵਿਚ ਜਨਜੀਵਨ ਦੀ ਰਫਤਾਰ ਰੁਕ ਗਈ ਹੈ। ਦੇਸ਼ ਦੇ ਸਕੂਲ ਬੰਦ ਹੋ ਗਏ ਹਨ, ਯਾਤਰਾਵਾਂ ‘ਤੇ ਪਾਬੰਦੀ ਹੈ, ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨਾ ਪੈ ਰਿਹਾ ਹੈ ਤੇ ਸਾਰੇ ਸੰਸਥਾਨ ਬੰਦ ਕਰ ਦਿੱਤੇ ਗਏ ਹਨ।
ਅਧਿਕਾਰੀਆਂ ਦਾ ਹੁਣ ਮੰਨਣਾ ਹੈ ਕਿ ਤੇਜ਼ੀ ਨਾਲ ਫੈਲ ਰਹੀ ਇਹ ਬੀਮਾਰੀ ਮਹੀਨਿਆਂ ਤੱਕ ਜਨਜੀਵਨ ਆਮ ਨਹੀਂ ਹੋਣ ਦੇਵੇਗੀ। ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਘਰਾਂ ਵਿਚ ਰਹਿ ਰਹੇ ਲੱਖਾਂ ਸਕੂਲੀ ਬੱਚਿਆਂ ਨੂੰ ਕੀ ਕਹਿਣਾ ਚਾਹੁਣਗੇ। ਟਰੰਪ ਨੇ ਕਿਹਾ ਕਿ ਮੈਂ ਕਹਾਂਗਾ ਕਿ ਉਹਨਾਂ ਨੂੰ ਘਰ ਵਿਚ ਆਰਾਮ ਨਾਲ ਬੈਠਣਾ ਚਾਹੀਦਾ ਹੈ, ਚੰਗੀ ਤਰ੍ਹਾਂ ਵਤੀਰਾ ਕਰਨਾ ਚਾਹੀਦਾ ਹੈ, ਆਪਣੇ ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਬੱਚੇ ਆਪਣੇ ਮਾਤਾ ਪਿਤਾ ਨਾਲ ਘਰ ਵਿਚ ਰਹਿਣ ਤੇ ਆਪਣੇ ਦੇਸ਼ ‘ਤੇ ਮਾਣ ਕਰਨ।
ਇਕ ਪੱਤਰਕਾਰ ਨੇ ਟਰੰਪ ਨੂੰ ਪੁੱਛਿਆ ਕਿ ਕਈ ਬੱਚੇ ਬੋਰ ਹੋ ਰਹੇ ਹਨ, ਪਰੇਸ਼ਾਨ ਹਨ, ਆਨਲਾਈਨ ਥੋਡ਼ਾ-ਬਹੁਤ ਸਿੱਖ ਰਹੇ ਹਨ ਪਰ ਕਲਾਸਾਂ ਵਿਚ ਰਹਿਣਾ ਜ਼ਿਆਦਾ ਬਿਹਤਰ ਹੁੰਦਾ ਹੈ। ਇਸ ‘ਤੇ ਟਰੰਪ ਨੇ ਕਿਹਾ ਕਿ ਮੈਂ ਕਹਾਂਗਾ ਕਿ ਤੁਸੀਂ ਦੁਨੀਆ ਦੇ ਸਭ ਤੋਂ ਮਹਾਨ ਦੇਸ਼ ਦੇ ਨਾਗਰਿਕ ਹੋ ਤੇ ਸਾਡੇ ‘ਤੇ ਉਸੇ ਤਰ੍ਹਾਂ ਦਾ ਹਮਲਾ ਹੋਇਆ ਹੈ ਜਿਵੇਂ 1917 ਵਿਚ ਹੋਇਆ ਸੀ। ਉਹਨਾਂ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਸਾਡੇ ‘ਤੇ ਹਮਲਾ ਹੋਇਆ ਸੀ ਤੇ ਅਸੀਂ ਇਸ ‘ਤੇ ਜਿੱਤ ਹਾਸਲ ਕੀਤੀ ਸੀ। ਅਸੀਂ ਇਸ ਵਾਰ ਵੀ ਜਿੱਤਾਂਗੇ ਤੇ ਉਮੀਦ ਹੈ ਕਿ ਇਸ ਵਿਚ ਵਧੇਰੇ ਸਮਾਂ ਨਹੀਂ ਲੱਗੇਗਾ। ਪਰ ਸਾਨੂੰ ਜੰਗ ਜਿੱਤਣੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਬੱਚਿਆਂ ਨੂੰ ਬੱਸ ਆਰਾਮ ਨਾਲ ਘਰ ਰਹਿਣਾ ਚਾਹੀਦਾ ਹੈ ਤੇ ਆਪਣੇ ਦੇਸ਼ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਅਸੀਂ ਉਹਨਾਂ ਦੇ ਲਈ ਹੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜੇਕਰ ਤੁਸੀਂ ਸੋਚ ਕੇ ਦੇਖੋ ਤਾਂ ਅਸੀਂ ਇਹ ਕਿਸੇ ਵੀ ਹੋਰ ਤੋਂ ਜ਼ਿਆਦਾ ਉਹਨਾਂ ਲਈ ਕਰ ਰਹੇ ਹਨ।


Share