ਫਰਿਜ਼ਨੋ, 30 ਨਵੰਬਰ (ਮਾਛੀਕੇ/ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਸੰਬੰਧ ਵਿਚ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦੀ ਭਵਿੱਖਬਾਣੀ ਅਨੁਸਾਰ ਦੇਸ਼ ‘ਚ ਕੋਰੋਨਾਵਾਇਰਸ ਮੌਤਾਂ ਦੀ ਗਿਣਤੀ ਦਸੰਬਰ ਦੇ ਅੱਧ ਤੱਕ 3,21,000 ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਉਸ ਸਮੇਂ ਤੱਕ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ‘ਚ ਹਸਪਤਾਲ ਵੀ ਮਰੀਜ਼ਾਂ ਨਾਲ ਭਰ ਸਕਦੇ ਹਨ।
ਅਮਰੀਕਾ ‘ਚ ਹੈਲੋਵੀਨ ਤੋਂ ਬਾਅਦ ਹਸਪਤਾਲਾਂ ਵਿਚ ਮਾਮਲਿਆਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਲਈ ਸ਼ਿਕਾਗੋ ਦੀ ਇਕ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ‘ਚ ਇਕ ਕੋਵਿਡ-19 ਟ੍ਰਾਈਲ ਏਰੀਆ ਸਥਾਪਤ ਕੀਤਾ ਗਿਆ ਹੈ, ਤਾਂ ਜੋ ਥੈਂਕਸਗਿਵਿੰਗ ਤੋਂ ਬਾਅਦ ਉਮੀਦ ਕੀਤੇ ਜਾ ਰਹੇ ਵਾਇਰਸ ਦੇ ਵਾਧੇ ਨਾਲ ਨਜਿੱਠਿਆ ਜਾ ਸਕੇ।
ਕੈਲੀਫੋਰਨੀਆ ਵਿਚ ਸਿਹਤ ਅਧਿਕਾਰੀ ਅਗਲੇ ਦੋ ਹਫ਼ਤਿਆਂ ਵਿਚ ਹਸਪਤਾਲਾਂ ‘ਚ ਬਿਸਤਰਿਆਂ ਵਿਚ ਕਮੀ ਦੀ ਉਮੀਦ ਕਰ ਰਹੇ ਹਨ।