ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ-ਘੱਟ ਵੇਤਨ ਸਬੰਧੀ ਵਿਵਾਦਪੂਰਣ ਨਿਯਮ ਫਿਲਹਾਲ ਲਾਗੂ ਨਹੀਂ

102
Share

ਵਾਸ਼ਿੰਗਟਨ, 13 ਮਾਰਚ (ਪੰਜਾਬ ਮੇਲ)- ਅਮਰੀਕਾ ’ਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ-ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ, ਇਸ ਨੂੰ ਟਾਲ ਦਿੱਤਾ ਗਿਆ ਹੈ। ਬਾਇਡਨ ਪ੍ਰਸ਼ਾਸਨ ਨੇ ਟਰੰਪ ਕਾਲ ਦੇ ਇਸ ਨਿਯਮ ’ਚ ਦੇਰੀ ਨੂੰ ਲੈ ਕੇ ਇਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਨਿਯਮ ਐੱਚ-1ਬੀ ਵੀਜ਼ਾ ਧਾਰਕ ਵਿਦੇਸ਼ੀ ਕਾਮਿਆਂ ਲਈ ਲਾਜ਼ਮੀ ਘੱਟੋ-ਘੱਟ ਵੇਤਨ ਵਿਚ ਵਾਧੇ ਨਾਲ ਸਬੰਧਤ ਹੈ। ਇਹ ਵੀਜ਼ਾ ਭਾਰਤੀ ਆਈ.ਟੀ. ਪੇਸ਼ੇਵਰਾਂ ’ਚ ਲੋਕਪਿ੍ਰਆ ਹੈ।
ਅਮਰੀਕਾ ਦੇ ਕਿਰਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨੋਟੀਫਿਕੇਸ਼ਨ ਅਨੁਸਾਰ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਅਤੇ ਉਸ ਨਾਲ ਲਾਗੂ ਕਰਨ ਦੀ ਮਿਆਦ ਵਿਚ ਹੋਰ ਅੱਗੇ ਪਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਨਿਯਮ ਨੂੰ ਪ੍ਰਭਾਵੀ ਕਰਨ ਦੀਆਂ ਤਰੀਕਾਂ 14 ਮਈ ਅਤੇ ਇਕ ਜੁਲਾਈ ਹਨ। ਵਿਭਾਗ ਨੇ ਬਿਆਨ ’ਚ ਦੱਸਿਆ ਕਿ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਵਿਚ ਹੋਰ ਦੇਰੀ ਤੋਂ ਪਹਿਲੇ ਆਮ ਲੋਕਾਂ ਦੀ ਰਾਇ ਲਈ ਜਾਵੇਗੀ।
ਅਮਰੀਕਾ ਦੇ ਇਕ ਸਮੂਹ ਨੇ ਸਾਬਕਾ ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਕੁਝ ਫ਼ੈਸਲਿਆਂ ਨੂੰ ਪਲਟਣ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ। ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਮਾਰਫ (ਫੇਅਰ) ਨੇ ਖ਼ਾਸ ਤੌਰ ’ਤੇ ਵੀਜ਼ੇ ਦੀ ਵੰਡ ’ਚ ਲਾਟਰੀ ਵਿਵਸਥਾ ਨੂੰ ਮੁੜ ਸ਼ੁਰੂ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ।

Share