ਅਮਰੀਕਾ ‘ਚ ਐਮਾਜ਼ਾਨ, ਕਰੋਗਰ ਅਤੇ ਵਾਲਮਾਰਟ ਕਰਨਗੇ, ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼

490
ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕਾ ਵਿੱਚ ਕੋਵਿਡ ਟੈਸਟਾਂ ਵਿੱਚ ਤੇਜੀ ਲਿਆਉਣ ਲਈ ਸੁਪਰ ਮਾਰਕੀਟ ਸਟੋਰਾਂ ਜਿਵੇਂ ਕਿ  ਐਮਾਜ਼ਾਨ, ਕਰੋਗਰ ਅਤੇ ਵਾਲਮਾਰਟ ਆਦਿ ਦੁਆਰਾ ਜਲਦੀ ਹੀ ਸਸਤੇ ਅਤੇ ਛੇਤੀ ਨਤੀਜਾ ਦੇਣ ਵਾਲੇ ਘਰੇਲੂ  ਰੇਪਿਡ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਸਬੰਧੀ ਵਾਈਟ ਹਾਊਸ ਦੇ ਅਨੁਸਾਰ ਅਮਰੀਕੀ ਲੋਕ ਇਹ ਟੈਸਟ ਆਪਣੇ ਸਥਾਨਕ ਰਿਟੇਲਰਾਂ ਜਾਂ ਆਨਲਾਈਨ ਸੰਭਾਵਿਤ ਤੌਰ ‘ਤੇ ਇਸ ਹਫਤੇ ਦੇ ਅੰਤ ਤੱਕ 35% ਤੱਕ ਘੱਟ ਰੇਟ ‘ਤੇ ਖਰੀਦਣ ਦੇ ਯੋਗ ਹੋਣਗੇ ਅਤੇ ਇਹ ਅਗਲੇ ਤਿੰਨ ਮਹੀਨਿਆਂ ਤੱਕ ਜਾਰੀ ਰਹਿਣਗੇ। ਜਿਕਰਯੋਗ ਹੈ ਕਿ ਰਾਸ਼ਟਰਪਤੀ ਬਾਈਡੇਨ ਦੁਆਰਾ ਜਾਰੀ ਕੀਤੇ ਗਏ ਨਵੇਂ ਵੈਕਸੀਨ ਦਿਸ਼ਾ ਨਿਰਦੇਸ਼ਾਂ ਤਹਿਤ ਟੀਕਾਕਰਨ ਰਹਿਤ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਬਣਾਈ ਰੱਖਣ ਲਈ ਹਫਤਾਵਾਰੀ ਅਧਾਰ ‘ਤੇ ਨੈਗੇਟਿਵ ਟੈਸਟ ਕਰਨਾ ਪਵੇਗਾ। ਇਸ ਲਈ ਟੈਸਟਾਂ ਨੂੰ ਵੱਡੇ ਪੱਧਰ ‘ਤੇ ਸਸਤੇ ਰੇਟਾਂ ਨਾਲ ਉਪਲੱਬਧ ਕਰਵਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਕਰੋਗਰ, ਵਾਲਮਾਰਟ ਆਦਿ ਦੇ ਨਾਲ ਐਮਾਜ਼ਾਨ ਨੇ ਵੀ ਟੈਸਟਾਂ ਦੀ ਪੇਸ਼ਕਸ਼ ਵਿੱਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਕੰਪਨੀ ਅਨੁਸਾਰ  ਸਸਤੇ ਅਤੇ ਉੱਚ-ਗੁਣਵੱਤਾ ਦੇ ਐਫ ਡੀ ਏ ਦੁਆਰਾ ਅਧਿਕਾਰਤ ਟੈਸਟਾਂ ਤੱਕ ਪਹੁੰਚ ਵਧਾਉਣ ਲਈ ਬਾਈਡੇਨ ਪ੍ਰਸ਼ਾਸਨ ਦੇ ਨਾਲ ਕੰਮ ਕਰਨਾ ਇੱਕ ਮਾਣ ਵਾਲੀ ਗੱਲ ਹੈ।