ਵਾਸ਼ਿੰਗਟਨ, 31 ਮਈ (ਪੰਜਾਬ ਮੇਲ)- ਅਮਰੀਕਾ ਦੇ ਮਿਨੇਸੋਟਾ ਰਾਜ ਦਾ ਮਿਨੇਪੋਲਿਸ ਸ਼ਹਿਰ ਵਿੱਚ ਅਫਰੀਕੀ-ਅਮਰੀਕਨ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ 30 ਸ਼ਹਿਰਾਂ ‘ਚ ਦੰਗੇ ਜਾਰੀ ਹਨ। ਕਈ ਸ਼ਹਿਰ ‘ਚ ਸ਼ਨੀਵਾਰ ਰਾਤ ਨੂੰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ‘ਚ ਝੜਪ ਦੀਆਂ ਵੀ ਖਬਰਾਂ ਸਾਹਮਣੇ ਆਈਆਂ। ਇਸ ਤੋਂ ਬਾਅਦ ਲਾਸ ਏਂਜਲਸ, ਫਿਲਡੇਲਫਿਆ ਤੇ ਐਟਲਾਂਟਾ ਸਮੇਤ 16 ਰਾਜਾਂ ਦੇ 25 ਸ਼ਹਿਰਾਂ ਵਿੱਚ ਕਰਫਿਊ ਲਾਇਆ ਗਿਆ ਹੈ। ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਕੋਲ ਖਤਰਨਾਕ ਕੁੱਤੇ ਤੇ ਜਾਨਲੇਵਾ ਹਥਿਆਰ ਹਨ।
ਅਮਰੀਕੀ ਪੁਲਿਸ 1400 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋ ਦਿਨਾਂ ਦੇ ਪ੍ਰਦਰਸ਼ਨਾਂ ਦੌਰਾਨ ਮਿਨੀਸੋਟਾ ਵਿੱਚ 80 ਪ੍ਰਤੀਸ਼ਤ ਨਜ਼ਰਬੰਦ ਮਿਨੇਪੋਲਿਸ ਤੋਂ ਹਨ।
ਮਿਨੀਸੋਟਾ ਵਿੱਚ ਵੀਰਵਾਰ ਦੁਪਹਿਰ ਤੋਂ ਸ਼ਨੀਵਾਰ ਦੁਪਹਿਰ ਤੱਕ ਦੰਗੇ, ਚੋਰੀ, ਭੰਨ ਤੋੜ ਦੇ ਨੁਕਸਾਨ ਦੇ ਦੋਸ਼ ਵਿੱਚ 51 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਨ੍ਹਾਂ ਵਿੱਚੋਂ 43 ਲੋਕ ਮਿਨੇਪੋਲਿਸ ਦੇ ਹਨ। ਪ੍ਰਦਰਸ਼ਨ ਦੇ ਦੌਰਾਨ ਫਿਲਡੇਲਫਿਯਾ ਵਿੱਚ 13 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਪੁਲਿਸ ਕਮਿਸ਼ਨਰ ਡੈਨੀਅਲ ਆਉਟਲਾ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਚਾਰ ਵਾਹਨ ਵੀ ਸਾੜੇ ਸਨ। ਪੁਲਿਸ ਨੇ ਇਸ ਦੌਰਾਨ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।