ਅਮਰੀਕਾ ’ਚ ਅਗਸਤ ਦੇ ਅੰਤ ਤੱਕ ਦਿੱਤਾ ਜਾਵੇਗਾ ਬੇਰੁਜ਼ਗਾਰੀ ਲਾਭ!

112
Share

-ਸੈਨੇਟ ਮੈਂਬਰ 300 ਡਾਲਰ ਪ੍ਰਤੀ ਹਫ਼ਤਾ ਬੇਰੁਜ਼ਗਾਰੀ ਭੱਤਾ ਦੇਣ ਲਈ ਹੋਏ ਸਹਿਮਤ
ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)-ਸੈਨੇਟ ਮੈਂਬਰ ਕਈ ਘੰਟਿਆਂ ਦੇ ਵਿਚਾਰ-ਵਟਾਂਦਰੇ ਉਪਰੰਤ 300 ਡਾਲਰ ਪ੍ਰਤੀ ਹਫ਼ਤਾ ਬੇਰੋਜ਼ਗਾਰੀ ਭੱਤਾ ਦੇਣ ਲਈ ਸਹਿਮਤ ਹੋਏ ਹਨ। ਸੈਨੇਟ ’ਚ ਬੇਰੋਜ਼ਗਾਰੀ ਲਾਭ ਦੇਣ ਦੇ ਪੈਕੇਜ ’ਚ ਪ੍ਰਸਤਾਵਿਤ ਤਬਦੀਲੀਆਂ ਦੇ ਮੁੁੱਦੇ ’ਤੇ ਤਕਰੀਬਨ 9 ਘੰਟੇ ਬਹਿਸ ਹੋਈ। ਇਕ ਡੈਮੋਕ੍ਰੇਟਿਕ ਆਗੂ ਅਨੁਸਾਰ ਇਹ ਬੇਰੋਜ਼ਗਾਰੀ ਲਾਭ ਅਗਸਤ ਦੇ ਅੰਤ ਤੱਕ ਦਿੱਤਾ ਜਾਵੇਗਾ। ਜਿਨ੍ਹਾਂ ਦੀ ਆਮਦਨੀ 1,50,000 ਡਾਲਰ ਸਾਲਾਨਾ ਤੋਂ ਘੱਟ ਹੈ, ਉਨ੍ਹਾਂ ਨੂੰ ਬੇਰੋਜ਼ਗਾਰੀ ਲਾਭ ਦੇ ਰੂਪ ’ਚ ਮਿਲਣ ਵਾਲੇ ਪਹਿਲੇ 10,200 ਡਾਲਰ ਉਪਰ ਟੈਕਸ ਨਹੀਂ ਦੇਣਾ ਪਵੇਗਾ।
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸਦਨ ਵੱਲੋਂ ਪਾਸ ਕੀਤੇ ਅਸਲ ਬਿੱਲ ’ਚ ਪ੍ਰਤੀ ਹਫ਼ਤਾ 400 ਡਾਲਰ ਬੇਰੋਜ਼ਗਾਰੀ ਲਾਭ ਦੇਣ ਦੀ ਵਿਵਸਥਾ ਹੈ। ਸੈਨੇਟਰ ਜੋਅ ਮਨਚਿਨ ਨੇ ਇਕ ਬਿਆਨ ’ਚ ਕਿਹਾ ਕਿ ਇਸ ਸਮਝੌਤੇ ਨਾਲ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਅਰਥਵਿਵਸਥਾ ਵਿਚ ਵੀ ਸੁਧਾਰ ਆਵੇਗਾ ਤੇ ਅਰਥਵਿਵਸਥਾ ਨੂੰ ਪਟੜੀ ਉਪਰ ਲਿਆਉਣ ’ਚ ਮਦਦ ਮਿਲੇਗੀ। ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਸਮਝੌਤੇ ਕਾਰਨ ਡੈਮੋਕ੍ਰੇਟਸ ਨੂੰ ਦੁਬਾਰਾ ਬਿੱਲ ਪਾਸ ਕਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਦਨ ਪਹਿਲਾਂ ਇਕ ਵਾਰ ਬਿੱਲ ਪਾਸ ਕਰ ਚੁੱਕਾ ਹੈ ਪਰ ਸੈਨੇਟ ਦੀਆਂ ਪ੍ਰਸਤਾਵਿਤ ਤਬਦੀਲੀਆਂ ਕਾਰਨ ਬਿੱਲ ਨੂੰ ਰਾਸ਼ਟਰਪਤੀ ਕੋਲ ਦਸਤਖਤਾਂ ਲਈ ਭੇਜਣ ਤੋਂ ਪਹਿਲਾਂ ਇਸ ਨੂੰ ਦੁਬਾਰਾ ਪਾਸ ਕਰਨਾ ਪਵੇਗਾ।

Share