ਅਮਰੀਕਾ ਘਟਾਏਗਾ ਅਫ਼ਗਾਨਿਸਤਾਨ ਤੇ ਇਰਾਕ ‘ਚ ਆਪਣੇ ਫ਼ੌਜੀਆਂ ਦੀ ਗਿਣਤੀ 

560
ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)- ਅਮਰੀਕਾ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਆਪਣੇ ਫ਼ੌਜੀ ਜਵਾਨਾਂ ਦੀ ਗਿਣਤੀ ਘਟਾਉਣ ਜਾ ਰਿਹਾ ਹੈ। ਕਾਰਜਕਾਰੀ ਅਮਰੀਕੀ ਰੱਖਿਆ ਸਕੱਤਰ ਕ੍ਰਿਸਟੋਫ਼ਰ ਸੀ. ਮਿਲਰ ਨੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਅਗਲੇ ਸਾਲ 15 ਜਨਵਰੀ ਤੱਕ ਅਮਰੀਕੀ ਫ਼ੌਜੀਆਂ ਦੀ ਗਿਣਤੀ 2500-2500 ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਜੰਗ ਨੂੰ ਇੱਕ ਸਫ਼ਲ ਅਤੇ ਜਵਾਬਦੇਹ ਅੰਜਾਮ ਤੱਕ ਪਹੁੰਚਾਉਣ ਅਤੇ ਆਪਣੇ ਫ਼ੌਜੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦਲ ਦੇ ਵਾਅਦੇ ਦਾ ਹਿੱਸਾ ਹੈ।

ਜਦਕਿ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ ਹੈ। ਕਈ ਰਿਪਬਲੀਕਨ ਸੰਸਦ ਮੈਂਬਰਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਮਿਲਰ ਨੇ ਇਸ ਫ਼ੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਇਨ•ਾਂ ਦੋਵਾਂ ਮੁਲਕਾਂ ਦੇ ਦਸਤਿਆਂ ਦੀ ਮੁੜ ਸਥਾਪਤੀ ਦੇ ਰਾਸ਼ਟਰਪਤੀ ਟਰੰਪ ਦੇ ਹੁਕਮ ਨੂੰ ਜਾਰੀ ਰੱਖਣ ਦਾ ਰਸਮੀ ਤੌਰ ‘ਤੇ ਐਲਾਨ ਕਰ ਰਹੇ ਹਨ। 15 ਜਨਵਰੀ 2021 ਤੱਕ ਅਫ਼ਗਾਨਿਸਤਾਨ ਵਿੱਚ 2500 ਅਮਰੀਕੀ ਜਵਾਨ ਹੋਣਗੇ। ਇਸੇ ਤਰ•ਾਂ ਇਰਾਕ ਵਿੱਚ ਵੀ 2500 ਅਮਰੀਕੀ ਜਵਾਨ ਹੀ ਤੈਨਾਤ ਰਹਿਣਗੇ। ਅਫ਼ਗਾਨਿਸਤਾਨ ਵਿੱਚ ਮੌਜੂਦਾ ਸਮੇਂ ਅਮਰੀਕਾ ਦੇ 4500 ਤੋਂ ਵੱਧ ਜਵਾਨ ਤੈਨਾਤ ਹਨ।
ਕੌਮੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਕਿ ਬਾਕੀ ਫ਼ੌਜੀ ਉੱਥੇ ਅਮਰੀਕੀ ਦੂਤਾਵਾਸਾਂ ਅਤੇ ਹੋਰ ਸਹੂਲਤਾਂ ਦੀ ਸੁਰੱਖਿਆ ‘ਚ ਤੈਨਾਤ ਰਹਿਣਗੇ। ਬਾਇਡਨ ਅਤੇ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸੱਤਾ ਤਬਦੀਲੀ ਦਲ ਨੇ ਇਸ ‘ਤੇ ਤਤਕਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਬਹਰਹਾਲ, ਡੈਮੋਕਰੇਟਿਕ ਪਾਰਟੀ ਦੇ ਸੀਨੀਅਰ ਸੰਸਦ ਮੈਂਬਰਾਂ ਨੇ ਤੁਰੰਤ ਇਸ ਕਦਮ ਦੀ ਆਲੋਚਨਾ ਕੀਤੀ ਹੈ। ਸੈਨੇਟਰ ਚਕ ਸ਼ੂਮਰ ਨੇ ਕਿਹਾ ਕਿ ਟਰੰਪ ਦੀ ਨੀਤੀ ਅਸਥਿਰ ਹੈ। ਸੈਨੇਟਰ ਟੈਮੀ ਡਕਵਰਥ ਅਤੇ ਮਿਚ ਮੈਕਕੋਨੇਲ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ।