ਅਮਰੀਕਾ: ਕੋਵਿਡ -19 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਹੋਰ ਜਾਣਕਾਰੀ ਲਈ ਖਰਚੇ ਜਾਣਗੇ 470 ਮਿਲੀਅਨ ਡਾਲਰ

524
Share

ਫਰਿਜ਼ਨੋ (ਕੈਲੀਫੋਰਨੀਆ), 16 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਰਕਾਰ ਕੋਵਿਡ -19 ਦੇ ਲੰਬਾ ਸਮਾਂ ਰਹਿਣ ਵਾਲੇ ਲੱਛਣਾਂ, ਪ੍ਰਭਾਵਾਂ ਜਿਸਨੂੰ ਲੌਂਗ ਕੋਵਿਡ ਵੀ ਕਿਹਾ ਜਾਂਦਾ ਹੈ, ਦੇ ਕਾਰਨਾਂ ਅਤੇ ਸੰਭਾਵੀ ਇਲਾਜਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ 470 ਮਿਲੀਅਨ ਡਾਲਰ ਖਰਚ ਕਰੇਗੀ। ਇਸ ਸਬੰਧੀ ਨੈਸ਼ਨਲ ਇੰਸਟੀਚਿਟ ਆਫ ਹੈਲਥ
(ਐਨ ਆਈ ਐਚ) ਨੇ ਬੁੱਧਵਾਰ ਨੂੰ ਨਿਊਯਾਰਕ ਯੂਨੀਵਰਸਿਟੀ ਨੂੰ ਗ੍ਰਾਂਟ ਦਿੱਤੀ ਹੈ ਅਤੇ ਦੇਸ਼ ਭਰ ਵਿੱਚ ਜਾਣਕਾਰੀ ਇਕੱਠੀ ਕਰਨ ਦੇ ਮੰਤਵ ਨਾਲ ਤਕਰੀਬਨ 40,000 ਬਾਲਗਾਂ ਅਤੇ ਬੱਚਿਆਂ ਨੂੰ ਅਧਿਐਨ ਲਈ ਦਾਖਲ ਕਰਨ ਦੇ ਟੀਚੇ ਦੀਆਂ ਯੋਜਨਾਵਾਂ ਦੀ ਵੀ ਘੋਸ਼ਣਾ ਕੀਤੀ ਹੈ। ਇਹ ਕੋਸ਼ਿਸ਼ ਜਿਸ ਨੂੰ ‘ਰਿਕਵਰ’ ਵੀ ਕਿਹਾ ਜਾਂਦਾ ਹੈ, ਵਿੱਚ 30 ਤੋਂ ਵੱਧ ਯੂ ਐਸ ਸੰਸਥਾਨਾਂ ਦੇ ਰਿਸਰਚਰ ਸ਼ਾਮਲ ਹੋਣਗੇ। ਐਨ ਆਈ ਐਚ ਦੇ ਡਾਇਰੈਕਟਰ ਡਾ: ਫ੍ਰਾਂਸਿਸ ਕੋਲਿਨਜ਼ ਅਨੁਸਾਰ ਇਸ ਯੋਜਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਨੁਮਾਨਿਤ 10% ਤੋਂ 30% ਲੋਕ  ਲੌਂਗ ਕੋਵਿਡ -19 ਨਾਲ ਸੰਕਰਮਿਤ ਹੋ ਸਕਦੇ ਹਨ। ਇਹ ਲੋਕ ਸਥਾਈ, ਨਵੇਂ ਜਾਂ ਪੁਰਾਣੇ ਕੋਰੋਨਾ ਲੱਛਣ ਵਿਕਸਿਤ ਕਰ ਸਕਦੇ ਹਨ, ਜੋ ਕਿ ਮਹੀਨਿਆਂ ਜਾਂ ਸ਼ਾਇਦ ਸਾਲਾਂ ਤੱਕ ਰਹਿ ਸਕਦੇ ਹਨ। ਲੌਂਗ ਕੋਵਿਡ ਉਨ੍ਹਾਂ ਲੱਛਣਾਂ ਲਈ ਇੱਕ ਸ਼ਬਦ ਹੈ ਜੋ ਸ਼ੁਰੂਆਤੀ ਕੋਰੋਨਾ ਲਾਗ ਦੇ ਚਾਰ ਹਫਤਿਆਂ ਜਾਂ ਵੱਧ ਸਮੇਂ ਬਾਅਦ ਪਹਿਲੀ ਵਾਰ ਰੁਕਦੇ ਅਤੇ  ਦੁਬਾਰਾ ਆਉਂਦੇ  ਦਿਖਾਈ ਦਿੰਦੇ ਹਨ। ਇਸ ਵਿੱਚ ਦਿਲ ਦੀ ਸੋਜ ਅਤੇ ਮਲਟੀਸਿਸਟਮ ਇਨਫਲਾਮੇਟਰੀ ਸਿੰਡਰੋਮ ਵੀ ਸ਼ਾਮਲ ਹੈ। ਇਹ  ਗੰਭੀਰ ਸਥਿਤੀ ਕੋਵਿਡ -19 ਦੀ ਲਾਗ ਤੋਂ ਬਾਅਦ ਬੱਚਿਆਂ ਵਿੱਚ ਵੀ ਹੋ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ ਸਿਰ ਦਰਦ, ਥਕਾਵਟ, ਸਾਹ ਦੀ ਕਮੀ, ਚਿੰਤਾ, ਡਿਪਰੈਸ਼ਨ, ਪੁਰਾਣੀ ਖੰਘ ਅਤੇ ਨੀਂਦ ਦੀਆਂ ਸਮੱਸਿਆਵਾਂ ਲੌਂਗ ਕੋਵਿਡ ਦੇ ਦੱਸੇ ਗਏ ਲੱਛਣਾਂ ਵਿੱਚੋਂ ਹਨ। ਇਸ ਲਈ ਇਸ ਸਮੱਸਿਆ ਦੀ ਜਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਬਾਈਡੇਨ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਜਾ ਰਹੇ ਹਨ।

Share