ਅਮਰੀਕਾ-ਕੈਨੇਡਾ ਸਰਹੱਦ ’ਤੇ 4 ਭਾਰਤੀਆਂ ਦੀ ਮੌਤ ਦੀ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦੇ ਐਂਗਲ ਤੋਂ ਜਾਂਚ ਜਾਰੀ

166
Share

ਨਿਊਯਾਰਕ, 22 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ’ਤੇ 4 ਭਾਰਤੀਆਂ ਦੀ ਮੌਤ ਦੀ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ 7 ਹੋਰ ਭਾਰਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਲੋਕ ਗੁਜਰਾਤ ਤੋਂ ਹਨ ਅਤੇ ਇਸ ਸਮੇਂ ਅਮਰੀਕਾ ਵਿਚ ਗੈਰ ਕਾਨੂੰਨੀ ਰੂਪ ਨਾਲ ਰਹਿ ਰਹੇ ਹਨ।
ਅਮਰੀਕਾ ਦੇ ਮਿਨੀਸੋਟਾ ਦੀ ਇਕ ਅਦਾਲਤ ’ਚ ਵੀਰਵਾਰ ਨੂੰ 47 ਸਾਲਾ ਇਕ ਅਮਰੀਕੀ ਨਾਗਰਿਕ ਸਟੀਵ ਸ਼ੈਂਡ ਵਿਰੁੱਧ ਇਕ ਅਪਰਾਧਿਕ ਸ਼ਿਕਾਇਤ ਦਰਜ ਕਰਾਈ ਗਈ, ਜਿਸ ’ਤੇ ਮਨੁੱਖੀ ਤਸਕਰੀ ਦਾ ਦੋਸ਼ ਹੈ। ਮਿਨੀਸੋਟਾ ਵਿਚ ਅਮਰੀਕੀ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਅਧਿਕਾਰੀਆਂ ਨੇ ਸਟੀਵ ਸ਼ੈਂਡ ਨੂੰ ਬੀਤੇ ਬੁੱਧਵਾਰ ਨੂੰ ਸਰਹੱਦ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ ’ਤੇ ਉਸ ਦੀ ਕਿਰਾਏ ਦੀ ਵੈਨ ਨੂੰ ਰੋਕਣ ਦੇ ਬਾਅਦ ਗਿ੍ਰਫ਼ਤਾਰ ਕੀਤਾ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਯਾਤਰੀ ਵੈਨ ਦੇ ਪਿਛਲੇ ਹਿੱਸੇ ਵਿਚੋਂ ਪਲਾਸਟਿਕ ਦੇ ਕੱਪ, ਬੋਤਲਬੰਦ ਪਾਣੀ, ਬੋਤਲਬੰਦ ਜੂਸ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਮਿਲੀਆਂ ਸਨ। ਦਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸ਼ੈਂਡ ਨੂੰ ਮਿਨੀਸੋਟਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ ਗਿਆ।
ਸਥਾਨਕ ਰਿਪੋਰਟਾਂ ਮੁਤਾਬਕ ਬੀਤੇ ਦਿਨ ਅਮਰੀਕਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ’ਤੇ ਕੈਨੇਡੀਅਨ ਖੇਤਰ ’ਚ ਐਮਸਰਨ ਨੇੜੇ ਭਿਆਨਕ ਠੰਡ ਕਾਰਨ ਬਰਫ਼ੀਲੇ ਤੂਫ਼ਾਨ ਵਿਚਕਾਰ ਇਕ ਹੀ ਪਰਿਵਾਰ ਦੀਆਂ 4 ਲਾਸ਼ਾਂ ਮਿਲੀਆਂ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਨਾਲ ਜੁੜੇ ਇਸ ਮਾਮਲੇ ਵਿਚ ਇਨ੍ਹਾਂ ਲੋਕਾਂ ਦੀ ਮੌਤ ਕੜਾਕੇ ਦੀ ਠੰਡ ਕਾਰਨ ਹੋਈ ਹੈ। ਰਿਪੋਰਟਾਂ ਮੁਤਾਬਕ ਇਹ ਪਰਿਵਾਰ 11 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਹ ਲੋਕ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

Share