ਅਮਰੀਕਾ, ਕੈਨੇਡਾ ਪੁਲਿਸ ਵੱਲੋਂ ਸਾਂਝੀ ਕਾਰਵਾਈ ਦੌਰਾਨ ਫੜੇ ਨਸ਼ਾ ਸਮੱਗਲਰਾਂ ’ਚ ਮਾਹਿਲਪੁਰ ਦਾ ਝੱਜ ਵੀ ਸ਼ਾਮਲ

140
Share

-ਫੜੇ ਗਏ 33 ਸਮੱਗਲਰਾਂ ’ਚੋਂ 31 ਪੰਜਾਬੀ
ਮਾਹਿਲਪੁਰ/ਟੋਰਾਂਟੋ, 28 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਤੇ ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਫੜੇ 33 ਕੌਮਾਂਤਰੀ ਨਸ਼ਾ ਤਸਕਰਾਂ ਦੀ ਦੋਵਾਂ ਮੁਲਕਾਂ ਦੀ ਪੁਲਿਸ ਵੱਲੋਂ ਜਾਰੀ ਸੂਚੀ ਵਿਚ 28ਵੇਂ ਨੰਬਰ ’ਤੇ ਦਰਜ ਨਾਂ ਹਰਜਿੰਦਰ ਝੱਜ ਦਾ ਹੈ, ਜੋ ਕਿ ਬਲਾਕ ਮਾਹਿਲਪੁਰ ਦੇ ਪਿੰਡ ਪੋਸੀ ਦਾ ਨਿਕਲਿਆ ਹੈ। ਇਸ ਨਾਲ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੇ ਇਧਰਲੇ ਸੰਪਰਕ ਭਾਲਣੇ ਸ਼ੁਰੂ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ 8 ਅਪ੍ਰੈਲ ਨੂੰ ਅਮਰੀਕਾ ਤੇ ਕੈਨੇਡਾ ਦੀ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ 33 ਸਮੱਗਲਰ ਫੜੇ ਤੇ 31 ਜਣੇ ਪੰਜਾਬੀ ਹਨ। ਇਨ੍ਹਾਂ ਵਿਚੋਂ ਇਕ ਜਣਾ ਪੋਸੀ ਪਿੰਡ ਦਾ ਹਰਜਿੰਦਰ ਝੱਜ ਪੁੱਤਰ ਸਤਵੀਰ ਸਿੰਘ ਹੈ। ਪਿੰਡ ਦੇ ਲੋਕਾਂ ਮੁਤਾਬਕ ਹਰਜਿੰਦਰ ਝੱਜ ਨੂੰ ਉਸ ਦੀ ਭੈਣ ਨੇ ਦਹਾਕਾ ਪਹਿਲਾਂ ਕੈਨੇਡਾ ਸੱਦਿਆ ਸੀ ਅਤੇ ਉੱਥੇ ਜਾ ਕੇ ਉਹ ਕਬੱਡੀ ਤੇ ਹੋਰ ਖੇਡਾਂ ਨਾਲ ਜੁੜ ਗਿਆ ਸੀ। ਜਦੋਂ ਵੀ ਹਰਜਿੰਦਰ, ਪੰਜਾਬ ਆਉਂਦਾ, ਤਾਂ ਉਸ ਦਾ ਮੇਲ-ਜੋਲ ਪਿੰਡ ਵਾਲਿਆਂ ਨਾਲ ਘੱਟ ਹੁੰਦਾ ਸੀ ਤੇ ਖੇਡਾਂ ਨਾਲ ਸਬੰਧਤ ਵਿਅਕਤੀਆਂ ਨਾਲ ਜ਼ਿਆਦਾ ਮਿਲਦਾ ਸੀ। ਹਰਜਿੰਦਰ ਡੇਢ ਕੁ ਸਾਲ ਪਹਿਲਾਂ ਪਿੰਡ ਆਇਆ ਸੀ ਤੇ ਪੰਦਰਾਂ ਕੁ ਦਿਨ ਰਹਿ ਕੇ ਚਲਾ ਗਿਆ ਸੀ।
ਲੋਕਾਂ ਮੁਤਾਬਕ ਹਰਜਿੰਦਰ ਦੀ ਪਿੰਡ ਵਾਲੀ ਕੋਠੀ ਨੂੰ ਤਾਲਾ ਲੱਗਾ ਰਹਿੰਦਾ ਹੈ। ਸੂਤਰ ਦੱਸਦੇ ਹਨ ਕਿ ਹਰਜਿੰਦਰ ਨੇ ਇੱਥੇ ਮਾਹਿਲਪੁਰ ਦੇ ਕੱਪੜਾ ਵਪਾਰੀ ਨਾਲ ਸਬੰਧ ਬਣਾਏ ਹੋਏ ਸਨ। ਇਹੀ ਨਹੀਂ, ਨਸ਼ਾ ਤਸਕਰਾਂ ਜ਼ਰੀਏ ਹਰਜਿੰਦਰ ਪੰਜਾਬ ਪਰਤ ਕੇ ਕਬੱਡੀ ਤੇ ਹੋਰ ਖੇਡਾਂ ਦੇ ਟੂਰਨਾਮੈਂਟ ਕਰਵਾਉਂਦਾ ਰਹਿੰਦਾ ਸੀ ਤੇ ਪਿਛਲੀ ਵਾਰ ਆ ਕੇ ਉਸ ਨੇ ਨਜ਼ਦੀਕੀ ਪਿੰਡ ਵਿਚ ਕਬੱਡੀ ਕੱਪ ਕਰਵਾਇਆ ਸੀ। ਨਸ਼ਾ ਤਸਕਰਾਂ ਦੇ ਇਧਰਲੇ ਸਬੰਧਾਂ ਦੀ ਪੜਤਾਲ ਕਰਨ ਲਈ ਜ਼ਿਲ੍ਹਾ ਪੁਲਿਸ ਤੇ ਖ਼ੁਫ਼ੀਆ ਵਿਭਾਗ ਕਾਰਜਸ਼ੀਲ ਹੈ। ਇਸ ਮਗਰੋਂ ਕਈ ਹੋਰ ਨਸ਼ਾ ਸਮੱਗਲਰਾਂ ਦੇ ਨਾਂ ਸਾਹਮਣੇ ਆ ਸਕਦੇ ਹਨ।

Share