ਅਮਰੀਕਾ ਕਰ ਰਿਹਾ ਹੈ 2 ਮਿਲੀਅਨ ਕੋਰੋਨਾਵਾਇਰਸ ਟੀਕਿਆਂ ਨਾਲ ਪੇਰੂ ਦੀ ਸਹਾਇਤਾ

64
Share

ਫਰਿਜ਼ਨੋ, 30 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵੱਲੋਂ ਵਿਸ਼ਵ ਪੱਧਰ ’ਤੇ ਕੋਰੋਨਾਵਾਇਰਸ ਨੂੰ ਹਰਾਉਣ ਲਈ ਆਪਣੇ ਯੋਗਦਾਨ ਦੇ ਹਿੱਸੇ ਵਜੋਂ ਕੋਰੋਨਾ ਵੈਕਸੀਨ ਨੂੰ ਹੋਰਾਂ ਦੇਸ਼ਾਂ ’ਚ ਮੁਹੱਈਆ ਕਰਵਾਉਣ ਦੀ ਮੁਹਿੰਮ ਚਲਾਈ ਹੈ। ਇਸ ਹੀ ਮੁਹਿੰਮ ਤਹਿਤ ਅਮਰੀਕਾ ਕੋਰੋਨਾਵਾਇਰਸ ਵੈਕਸੀਨ ਦੀਆਂ ਦੋ ਮਿਲੀਅਨ ਖੁਰਾਕਾਂ ਪੇਰੂ ਦੇਸ਼ ਨੂੰ ਭੇਜ ਕੇ ਉਸਦੀ ਸਹਾਇਤਾ ਕਰ ਰਿਹਾ ਹੈ। ਇਸ ਸਬੰਧੀ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਬਣਾਈ ਗਈ ਕੋਵਿਡ-19 ਵੈਕਸੀਨ ਪੇਰੂ ਭੇਜ ਰਿਹਾ ਹੈ। ਇਹ ਭੇਜੀਆਂ ਜਾ ਰਹੀਆਂ 2 ਮਿਲੀਅਨ ਖੁਰਾਕਾਂ, ਟੀਕੇ ਦੀ ਜ਼ਰੂਰਤ ਅਨੁਸਾਰ ਦੂਜੇ ਦੇਸ਼ਾਂ ਵਿਚ ਭੇਜਣ ਲਈ ਬਾਇਡਨ ਪ੍ਰਸ਼ਾਸਨ ਦੇ ਵਾਅਦੇ ਦਾ ਇੱਕ ਹਿੱਸਾ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਵੈਕਸੀਨ ਦੀਆਂ ਤਕਰੀਬਨ 80 ਮਿਲੀਅਨ ਖੁਰਾਕਾਂ ਨੂੰ ਦੁਨੀਆਂ ਭਰ ਦੇ ਦੇਸ਼ਾਂ ਨਾਲ ਸਾਂਝਾ ਕਰਨ ਦਾ ਵਾਅਦਾ ਕੀਤਾ ਸੀ। ਅਧਿਕਾਰੀਆਂ ਅਨੁਸਾਰ ਟੀਕਿਆਂ ਦੀ ਇਸ ਖੇਪ ਦੇ ਇਸ ਹਫਤੇ ਪੇਰੂ ਪਹੁੰਚਣ ਦੀ ਉਮੀਦ ਹੈ। ਇਸਦੇ ਇਲਾਵਾ ਅਮਰੀਕਾ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਗਲੋਬਲ ਟੀਕਾਕਰਨ ਪ੍ਰੋਗਰਾਮ ਕੋਵੈਕਸ ਤਹਿਤ ਮੋਡਰਨਾ ਦੀ ਕੋਰੋਨਾ ਵੈਕਸੀਨ ਦੀਆਂ 2.5 ਮਿਲੀਅਨ ਖੁਰਾਕਾਂ ਨੂੰ ਪਾਕਿਸਤਾਨ ਵੀ ਭੇਜੇਗਾ।

Share