ਅਮਰੀਕਾ: ਓਲੰਪਿਕ ਗੋਲਡ ਮੈਡਲ ਜੇਤੂ ਤੈਰਾਕ ਕਲੇਟ ਕੈਲਰ ਨੂੰ ਕੈਪੀਟਲ ਦੰਗਿਆਂ ਵਿੱਚ ਦੋਸ਼ੀ ਮੰਨਿਆ

395
Share

ਫਰਿਜ਼ਨੋ (ਕੈਲੀਫੋਰਨੀਆ), 1 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ) – ਅਮਰੀਕੀ ਅਥਲੀਟ ਕਲੇਟ ਕੈਲਰ ਜੋ ਕਿ ਇੱਕ ਤੈਰਾਕ ਹੈ ਅਤੇ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਵੀ ਜਿੱਤ ਚੁੱਕਾ ਹੈ, ਨੂੰ 6 ਜਨਵਰੀ ਦੇ ਕੈਪੀਟਲ ਦੰਗਿਆਂ ਦੌਰਾਨ ਇੱਕ ਅਧਿਕਾਰਤ ਕਾਰਵਾਈ ਵਿੱਚ ਰੁਕਾਵਟ ਪਾਉਣ ਲਈ ਦੋਸ਼ੀ ਹੋਣਾ ਮੰਨਿਆ ਗਿਆ ਹੈ।
ਉਸਦੇ ਵਕੀਲ ਅਨੁਸਾਰ ਉਹ ਆਪਣੀ ਗਲਤੀ ਵਿੱਚ ਸੁਧਾਰ ਕਰਕੇ, ਆਪਣੀ ਜਿੰਦਗੀ ਫਿਰ ਤੋਂ ਸ਼ੁਰੂ ਕਰਨੀ ਚਾਹੁੰਦਾ ਹੈ। ਦੋ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਕਲੇਟ ਕੈਲਰ ਨੂੰ ਬੁੱਧਵਾਰ ਨੂੰ ਯੂ ਐਸ ਕੈਪੀਟਲ ਦੰਗਿਆਂ ਵਿੱਚ ਉਸਦੀ ਭੂਮਿਕਾ ਦੇ ਇੱਕ  ਦੋਸ਼ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਜਿਸ ਲਈ ਸੰਭਾਵਤ ਤੌਰ ‘ਤੇ
ਉਸਨੂੰ ਦੋ ਸਾਲ ਤੋਂ ਵੱਧ ਦੀ ਕੈਦ ਹੋ ਸਕਦੀ ਹੈ। ਇਸ 39 ਸਾਲਾਂ ਤੈਰਾਕ ਨੇ ਅਮਰੀਕਾ ਲਈ ਕੁੱਲ ਪੰਜ ਮੈਡਲ ਜਿੱਤੇ ਹਨ, ਨੇ 6 ਜਨਵਰੀ ਨੂੰ ਕੈਪੀਟਲ ਇਮਾਰਤ ਵਿੱਚ ਦੰਗਿਆਂ ਦੇ ਦੌਰਾਨ ਇੱਕ ਕਾਨੂੰਨੀ ਅਧਿਕਾਰਤ ਕਾਰਵਾਈ ਵਿੱਚ ਰੁਕਾਵਟ ਪੈਦਾ ਕੀਤੀ ਸੀ।  ਕੈਲਰ, ਅਮਰੀਕੀ ਤੈਰਾਕ ਮਾਈਕਲ ਫੇਲਪਸ ਅਤੇ ਰਿਆਨ ਲੋਚਟੇ ਦਾ ਇੱਕ  ਸਾਬਕਾ ਸਾਥੀ ਹੈ, ਜੋ ਕਿ ਦੰਗਿਆਂ ਦੌਰਾਨ ਕੈਪੀਟਲ ਇਮਾਰਤ ਦੇ ਅੰਦਰ ਵੀਡੀਓ ਕੈਮਰੇ ਵਿੱਚ ਕੈਦ ਹੋ ਗਿਆ ਸੀ। ਕੈਲਰ ਨੇ ਕੋਈ ਮਾਸਕ ਨਹੀਂ ਪਾਇਆ ਸੀ ਅਤੇ ਟੀਮ ਯੂ ਐਸ ਏ ਦੀ ਜੈਕੇਟ ਪਾਈ ਹੋਈ ਸੀ। ਇਸ ਮਾਮਲੇ ਵਿੱਚ ਕੈਲਰ ਨੂੰ ਬਾਅਦ ਦੀ ਤਾਰੀਖ ‘ਤੇ ਸਜ਼ਾ ਸੁਣਾਈ ਜਾਵੇਗੀ ਜਿਸ ਵਿੱਚ ਸੰਭਾਵਤ ਤੌਰ ‘ਤੇ 21 ਤੋਂ 27 ਮਹੀਨਿਆਂ ਦੀ ਕੈਦ ਹੋ ਸਕਦੀ ਹੈ। ਕੋਲੋਰਾਡੋ ਦੇ ਰਹਿਣ ਵਾਲੇ ਕੈਲਰ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਇੱਕ ਰੀਅਲ ਅਸਟੇਟ ਬ੍ਰੋਕਰ ਵਜੋਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਉਸਨੇ 2004 ਵਿੱਚ ਐਥਨਜ਼ ਅਤੇ 2008 ਵਿੱਚ ਬੀਜਿੰਗ ਵਿੱਚ 4 × 200 ਮੀਟਰ ਰੀਲੇਅ ਇਵੈਂਟ ਲਈ ਸੋਨੇ ਦੇ ਮੈਡਲ ਜਿੱਤੇ ਹਨ। ਇਸਦੇ ਨਾਲ ਹੀ 2000 ਵਿੱਚ ਸਿਡਨੀ ਵਿੱਚ ਇਸੇ ਈਵੈਂਟ ‘ਚ ਚਾਂਦੀ ਦਾ ਤਮਗਾ ਵੀ ਜਿੱਤਿਆ ਸੀ।

Share