ਅਮਰੀਕਨ ਸਿੱਖ ਕਾਕਸ ਵੱਲੋਂ ਸੈਨੇਟਰ ਪੈਟ ਟੂਮੀ ਦੇ ਸਿੱਖ ਨਸਲਕੁਸ਼ੀ ਬਾਰੇ ਅਮਰੀਕੀ ਸੰਸਦ ’ਚ ਦਿੱਤੇ ਬਿਆਨ ਦੀ ਜ਼ੋਰਦਾਰ ਸ਼ਲਾਘਾ

49
Share

– 1984 ਸਿੱਖ ਵਿਰੋਧੀ ਦੰਗੇ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ’ਚੋਂ ਇਕ : ਅਮਰੀਕੀ ਸੈਨੇਟਰ
– ਸਿੱਖਾਂ ’ਤੇ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣ ਦੀ ਲੋੜ ’ਤੇ ਦਿੱਤਾ ਜ਼ੋਰ
ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਨੇ ਸੈਨੇਟਰ ਪੈਟ ਟੂਮੀ ਵੱਲੋਂ ਸਿੱਖ ਨਸਲਕੁਸ਼ੀ ਬਾਰੇ ਅਮਰੀਕੀ ਸੰਸਦ ਵਿਚ ਦਿੱਤੇ ਗਏ ਬਿਆਨ ਦੀ ਜ਼ੋਰਦਾਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਅਮਰੀਕਨ ਸਿੱਖ ਕਾਕਸ ਪਿਛਲੇ ਲੰਮੇ ਸਮੇਂ ਤੋਂ ਭਾਰਤ ਵਿਚ ਸੰਨ 1984 ਦੌਰਾਨ ਹੋਈ ਸਿੱਖ ਨਸਲਕੁਸ਼ੀ ਦੇ ਖਿਲਾਫ ਆਵਾਜ਼ ਉਠਾਉਦਾ ਰਿਹਾ ਹੈ। ਸੈਨੇਟਰ ਪੈਟ ਟੂਮੀ ਨੇ ਸਿੱਖ ਕਾਕਸ ਦੀ ਮੰਗ ਨੂੰ ਮੰਨਦਿਆਂ ਅਮਰੀਕੀ ਸੰਸਦ ’ਚ ਆਵਾਜ਼ ਉਠਾਈ ਹੈ, ਜਿਸ ਦਾ ਸਮੂਹ ਸਿੱਖ ਭਾਈਚਾਰੇ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਸੈਨੇਟਰ ਪੈਟ ਟੂਮੀ ਨੇ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ’ਚੋਂ ਇਕ ਕਰਾਰ ਦਿੱਤਾ ਅਤੇ ਸਿੱਖਾਂ ’ਤੇ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ, ਤਾਂ ਜੋ ਇਸ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਭਾਰਤ ’ਚ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਹਿੰਸਾ ਭੜਕ ਗਈ ਸੀ। ਇਸ ਹਿੰਸਾ ’ਚ ਪੂਰੇ ਭਾਰਤ ’ਚ 30,000 ਤੋਂ ਵੱਧ ਸਿੱਖ ਮਾਰੇ ਗਏ ਸਨ।
ਸੈਨੇਟ ’ਚ ਆਪਣੇ ਸੰਬੋਧਨ ਦੌਰਾਨ ਸੈਨੇਟਰ ਪੈਟ ਟੂਮੀ ਨੇ ਕਿਹਾ, ‘‘ਸਾਲ 1984 ਆਧੁਨਿਕ ਭਾਰਤੀ ਇਤਿਹਾਸ ’ਚ ਸਭ ਤੋਂ ਕਾਲੇ ਸਾਲਾਂ ’ਚੋਂ ਇਕ ਹੈ। ਦੁਨੀਆਂ ਨੇ ਵੇਖਿਆ ਕਿ ਭਾਰਤ ’ਚ ਨਸਲੀ ਸਮੂਹਾਂ ਵਿਚਾਲੇ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਹੋਈਆਂ, ਜਿਨ੍ਹਾਂ ’ਚੋਂ ਕਈਆਂ ’ਚ ਖ਼ਾਸ ਤੌਰ ’ਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ।’’ ਉਨ੍ਹਾਂ ਕਿਹਾ, ‘‘ਅੱਜ ਅਸੀਂ ਇੱਥੇ ਉਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ, ਜੋ ਭਾਰਤ ਦੇ ਪੰਜਾਬ ਸੂਬੇ ਅਤੇ ਕੇਂਦਰ ਸਰਕਾਰ ’ਚ ਸਿੱਖਾਂ ਦਰਮਿਆਨ ਦਹਾਕਿਆਂ ਦੇ ਨਸਲੀ ਤਣਾਅ ਤੋਂ ਬਾਅਦ 1 ਨਵੰਬਰ, 1984 ਨੂੰ ਹੋਇਆ ਸੀ।’’
ਪੈਨਸਿਲਵੇਨੀਆ ਦੇ ਸੈਨੇਟਰ ਨੇ ਕਿਹਾ ਕਿ ਅਕਸਰ ਅਜਿਹੇ ਮਾਮਲਿਆਂ ’ਚ, ਅਧਿਕਾਰਤ ਅੰਦਾਜ਼ੇ ਪੂਰੀ ਕਹਾਣੀ ਸ਼ਾਇਦ ਨਹੀਂ ਦੱਸਦੇ, ਪਰ ਅੰਦਾਜ਼ਾ ਹੈ ਕਿ ਪੂਰੇ ਭਾਰਤ ਭਰ ’ਚ 30,000 ਤੋਂ ਵੱਧ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਭੀੜ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ, ਜਬਰ-ਜਨਾਹ ਕੀਤਾ, ਕਤਲ ਕੀਤਾ ਅਤੇ ਹਿਜਰਤ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ, ‘‘ਭਵਿੱਖ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਰੋਕਣ ਲਈ, ਸਾਨੂੰ ਉਨ੍ਹਾਂ ਦੇ ਪੁਰਾਣੇ ਰੂਪਾਂ ਨੂੰ ਪਛਾਨਣਾ ਹੋਵੇਗਾ। ਸਾਨੂੰ ਸਿੱਖਾਂ ਵਿਰੁੱਧ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਤਾਂ ਜੋ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ ਅਤੇ ਪੂਰੀ ਦੁਨੀਆਂ ’ਚ ਸਿੱਖ ਕੌਮ ਜਾਂ ਹੋਰ ਭਾਈਚਾਰਿਆਂ ਵਿਰੁੱਧ ਅਜਿਹੇ ਦੁਖਾਂਤ ਮੁੜ ਨਾ ਵਾਪਰਨ।’’ ਟੂਮੀ ‘ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ’ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਹਮੇਸ਼ਾ ਹੀ ਸਿੱਖਾਂ ਦੇ ਮਸਲਿਆਂ ਬਾਰੇ ਅਮਰੀਕੀ ਸਰਕਾਰ ਵਿਚ ਆਵਾਜ਼ ਉਠਾਈ ਹੈ।
ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਵਾਪਰਿਆਂ 38 ਸਾਲ ਹੋ ਗਏ ਹਨ। ਪਰ ਭਾਰਤ ਦੀ ਕਿਸੇ ਵੀ ਸਰਕਾਰ ਵੱਲੋਂ ਅਜੇ ਤੱਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਅਮਰੀਕਨ ਸਿੱਖ ਕਾਕਸ ਇਸ ਸਬੰਧੀ ਲੰਮੇ ਸਮੇਂ ਤੋਂ ਅਮਰੀਕਾ ਦੇ ਚੁਣੇ ਹੋਏ ਆਗੂਆਂ ਨੂੰ ਜਾਗਰੂਕ ਕਰ ਰਹੀ ਹੈ। ਇਸੇ ਕਰਕੇ ਅੱਜ ਇਹ ਆਵਾਜ਼ ਅਮਰੀਕੀ ਸੰਸਦ ਵਿਚ ਵੀ ਗੂੰਜ ਰਹੀ ਹੈ।

Share