ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਦੇ ਕੋ-ਚੇਅਰਮੈਨ ਜੌਹਨ ਗੈਰਾਮੈਂਡੀ ਅਤੇ ਸੈਨੇਟਰ ਪੈਟ ਟੂਮੀ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਦੀਆਂ ਮੁਬਾਰਕਾਂ

744
Share

ਵਾਸ਼ਿੰਗਟਨ ਡੀ.ਸੀ., 15 ਅਪ੍ਰੈਲ (ਬਲਵਿੰਦਰਪਾਲ ਸਿੰਘ ਖਾਲਸਾ/ ਪੰਜਾਬ ਮੇਲ)- ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਸਹਿ-ਚੇਅਰਮੈਨ ਕਾਂਗਰਸਮੈਨ ਜੌਹਨ ਗੈਰਾਮੈਂਡੀ ਅਤੇ ਅਮਰੀਕਨ ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਦੇ ਹੋਰ ਕਾਂਗਰਸਮੈਨਾਂ ਜਿਮ ਕੋਸਟਾ, ਟੀ.ਜੇ. ਕਾਕਸ ਤੇ ਅਮਰੀਕੀ ਸੈਨੇਟਰ ਪੈਟ ਟੂਮੀ ਨੇ ਅਮਰੀਕੀ ਸੈਨੇਟ ਵੱਲੋਂ ਵਿਸਾਖੀ ਨੂੰ ਸਾਲਾਨਾ ਮਾਨਤਾ ਪੇਸ਼ ਕਰਨ ਵਾਸਤੇ ਲੀਡ ਲੈਂਦਿਆਂ ਸਿੱਖ ਕੌਮ ਨੂੰ ਖਾਲਸੇ ਦੇ 321ਵੇਂ ਸਾਜਨਾ ਦਿਵਸ ਦੀ ਲੱਖ-ਲੱਖ ਮੁਬਾਰਕ ਪੇਸ਼ ਕੀਤੀ ਹੈ।
ਜੌਹਨ ਗੈਰਾਮੈਂਡੀ ਨੇ ਕਿਹਾ ਕਿ ਸਿੱਖ ਕੈਲੀਫੋਰਨੀਆ, ਅਮਰੀਕਾ ਤੇ ਸੰਸਾਰ ਭਰ ‘ਚ ਵਿਸਾਖੀ ਭਾਵ ਖਾਲਸੇ ਦਾ ਸਾਜਨਾ ਦਿਵਸ ਸੇਵਾ ਦੇ ਰੂਪ ਵਿਚ ਮਨਾ ਰਿਹਾ ਹੈ, ਪਰ ਇਸ ਵਾਰ ਕੋਵਿਡ-19 ਕਰਕੇ ਗੁਰਦੁਆਰਾ ਸਾਹਿਬਾਨਾਂ ‘ਚ ਭਾਰੀ ਇਕੱਠ ਨਹੀਂ ਹੋ ਪਾਉਣੇ, ਨਗਰ ਕੀਰਤਨ ਨਹੀਂ ਸਜਾ ਹੋਣੇ। ਇਸ ਵਾਸਤੇ ਸਿੱਖ ਕੋਵਿਡ-19 ਤੋਂ ਪ੍ਰਭਾਵਿਤ ਅਮਰੀਕੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੇ ਊਚ-ਨੀਚ ਦੇ ਲੰਗਰ ਵੰਡਕੇ ਸੇਵਾ ਕਰ ਰਹੇ ਹਨ, ਜੋ ਕਿ ਸਿੱਖ ਧਰਮ ਦੀ ਬੁਨਿਆਦ ਹੈ। ਜਿਸ ਵਾਸਤੇ ਪੂਰਾ ਅਮਰੀਕੀ ਪ੍ਰਸ਼ਾਸਨ ਸਿੱਖਾਂ ਦਾ ਰਿਣੀ ਹੈ। ਖਾਸ ਤੌਰ ਉੱਤੇ ਨਿਊਯਾਰਕ ‘ਚ ਸਿੱਖਾਂ ਵੱਲੋਂ 50 ਹਜ਼ਾਰ ਖਾਣੇ ਵੰਡੇ ਗਏ ਹਨ, ਜੋ ਕਿ ਸੇਵਾ ਦਾ ਬਹੁਤ ਵੱਡਾ ਕਾਰਜ ਹੈ। ਸਿੱਖ ਡਾਕਟਰਾਂ, ਨਰਸਾਂ ਤੇ ਹੋਰ ਮੈਡੀਕਲ ਸੇਵਾਵਾਂ ਕਰ ਰਹੇ ਸਿੱਖਾਂ ਨੇ ਪੂਰੀ ਤਨਦੇਹੀ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸੇਵਾ ਕੀਤੀ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਤੇ ਅਮਰੀਕਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਭਾਈ ਹਿੰਮਤ ਸਿੰਘ ਤੇ ਸਪੋਕਸਪਰਸਨ ਹਰਜਿੰਦਰ ਸਿੰਘ ਨੇ ਅਮਰੀਕੀ ਸਿੱਖ ਕਾਂਗਰੈਸ਼ਨਲ ਕਾਕਸ ਦੇ ਸਹਿ ਚੇਅਰਮੈਨ ਜੌਹਨ ਗੈਰਾਮੈਂਡੀ ਤੇ ਦੂਜੇ ਕਾਂਗਰਸਮੈਨਾਂ ਅਤੇ ਸੈਨੇਟਰਾਂ ਦਾ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੀ ਮੁਬਾਰਕਬਾਦ ਦੇਣ ਵਾਸਤੇ ਧੰਨਵਾਦ ਕੀਤਾ ਹੈ।


Share