ਅਮਰਿੰਦਰ ਹੋਏ ਸਿੱਧੂ ਵੱਲੋਂ ਕੀਤੀ ਗਈ ਤਾਰੀਫ ਦੇ ਕਾਇਲ

512
Share

ਮਜੀਠਾ, 23 ਅਕਤੂਬਰ (ਪੰਜਾਬ ਮੇਲ)-ਆਪਣੀ ਬੇਬਾਕ ਸ਼ਬਦਾਵਲੀ ਅਤੇ ਸੂਝਵਾਨ ਰਾਜਨੀਤੀ ਨਾਲ ਹਰੇਕ ਪਾਰਟੀ ਦੇ ਰਾਜਨੇਤਾ ਨੂੰ ਕਾਇਲ ਕਰਨ ਵਾਲੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੂੰ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ, ਦੀਆਂ ਹੁਣ 10 ਦੀਆਂ 10 ਉਂਗਲਾਂ ਘਿਓ ‘ਚ ਸਮਝ ਲਈਆਂ ਜਾਣ ਤਾਂ ਗਲਤ ਨਹੀਂ ਹੋਏਗਾ। ਤਿੰਨ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੈਸ਼ਨ ਦੌਰਾਨ ਕਿਸਾਨਾਂ ਦੇ ਹੱਕ ‘ਚ ਪਾਸ ਕੀਤੇ ਗਏ 4 ਬਿੱਲਾਂ ਸਬੰਧੀ ਸਿੱਧੂ ਨੇ ਖੁੱਲ੍ਹ ਕੇ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਆਪਣੀ ਸ਼ਬਦਾਵਲੀ ਨਾਲ ਜਿਸ ਤਰ੍ਹਾਂ ਕਾਇਲ ਕਰ ਦਿੱਤਾ ਸੀ, ਉਸਨੇ ਕੈਪਟਨ ਦੇ ਮਨ ਨੂੰ ਆਖਿਰਕਾਰ ਪਿਘਲਾ ਹੀ ਦਿੱਤਾ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਮਨ ਹੀ ਮਨ ‘ਚ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਜਿਹੜੇ ਦੋ ਅਹੁਦਿਆਂ ਦੀ ਪੇਸ਼ਕਸ਼ ਕੀਤੀ ਹੈ, ਨੂੰ ਮੁੱਖ ਰੱਖਦਿਆਂ ਕਾਂਗਰਸ ਦੇ ਦੂਜੇ ਧੜੇ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ‘ਤੇ ਕੀ ਪ੍ਰਭਾਵ ਪੈਂਦਾ ਹੈ, ਇਹ ਤਾਂ ਹੁਣ ਆਉਣ ਵਾਲੇ ਦਿਨਾਂ ‘ਚ ਪੰਜਾਬ ਕਾਂਗਰਸ ਦੀ ਸਿਆਸਤ ਦੇ ਭਖਣ ‘ਤੇ ਹੀ ਪਤਾ ਲੱਗੇਗਾ।

ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਘਾਗ ਸਿਆਸਤਦਾਨ ਅਤੇ ਦਿੱਗਜ਼ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ ਅਤੇ ਸਮਸ਼ੇਰ ਸਿੰਘ ਦੂਲੋ ਇਹ ਕਦੇ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੀ ਸਹਿਮਤੀ ਲਏ ਬਗੈਰ ਸਿੱਧੂ ਨੂੰ ਕੈਬਨਿਟ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜਾਂ ਡਿਪਟੀ ਸੀ. ਐੱਮ. ਦੇ ਅਹੁਦੇ ਨਾਲ ਨਿਵਾਜ਼ ਦਿੱਤਾ ਜਾਵੇ। ਜੇਕਰ ਫਲੈਸ਼ਬੈਕ ‘ਚ ਜਾਈਏ ਤਾਂ ਇਸ ਗੱਲ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਦਿਨੀਂ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੀ ਸਿਆਸਤ ‘ਚ ਆਏ ਸਿਆਸੀ ਭੂਚਾਲ ਨੇ ਬਾਜਵਾ-ਦੂਲੋ ਅਤੇ ਕੈਪਟਨ-ਜਾਖੜ ਧੜਿਆਂ ‘ਚ ਸਿਆਸੀ ਜੰਗ ਛੇੜਦੇ ਹੋਏ ਇਕ-ਦੂਜੇ ‘ਤੇ ਸ਼ਬਦੀ ਜੰਗ ਦੀ ਝੜੀ ਲਾ ਦਿੱਤੀ ਸੀ, ਉੱਥੇ ਹੀ ਦੂਜੇ ਪਾਸੇ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮੱਤਭੇਦ ਪੈਦਾ ਹੋ ਗਏ ਸਨ, ਜਿਸ ਤੋਂ ਬਾਅਦ ਸਿੱਧੂ ਨੇ ਪੰਜਾਬ ਦੀ ਸਿਆਸਤ ਤੋਂ ਹਮੇਸ਼ਾ ਲਈ ਕਿਨਾਰਾ ਕਰਦਿਆਂ ਚੁੱਪ ਧਾਰ ਲਈ ਸੀ, ਜੋ ਕਾਂਗਰਸ ਹਾਈਕਮਾਂਡ ਨੂੰ ਕਦੇ ਵੀ ਗਵਾਰਾ ਨਾ ਹੋਈ।


Share