ਅਫ਼ਗਾਨਿਸਤਾਨ ਦੇ ਕਾਬੁਲ ‘ਚ ਗੁਰਦੁਆਰਾ ਸਾਹਿਬ ਨੇੜੇ ਹੋਏ ਜ਼ਬਰਦਸਤ ਧਮਾਕੇ

61
Share

ਕਾਬੁਲ, 18 ਜੂਨ (ਪੰਜਾਬ ਮੇਲ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸਿੱਖ ਗੁਰਦੁਆਰਾ ਸਾਹਿਬ ਨੇੜੇ ਇੱਕ ਵਿਅਸਤ ਸੜਕ ਉੱਤੇ ਸ਼ਨੀਵਾਰ ਨੂੰ ਘੱਟੋ-ਘੱਟ ਦੋ ਧਮਾਕੇ ਹੋਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਧਮਾਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਟੋਲੋ ਨਿਊਜ਼ ਨੇ ਟਵੀਟ ਕੀਤਾ ਕਿ ਧਮਾਕਾ ਕਾਬੁਲ ਦੇ ਕਰਤੇ ਪਰਵਾਨ ਇਲਾਕੇ ‘ਚ ਹੋਇਆ। ਇਸੇ ਖੇਤਰ ਵਿੱਚ ਕਰਤੇ ਪਰਵਾਨ ਗੁਰਦੁਆਰਾ ਸਥਿਤ ਹੈ। ਫਿਲਹਾਲ ਇਸ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਵਿਦੇਸ਼ ਮੰਤਰਾਲਾ (MEA) ਨੇ ਟਵੀਟ ਕੀਤਾ, ‘ਅਸੀਂ ਕਾਬੁਲ ਸ਼ਹਿਰ ਦੇ ਇੱਕ ਪਵਿੱਤਰ ਗੁਰਦੁਆਰਾ ਸਾਹਿਬ ‘ਤੇ ਹਮਲੇ ਦੀ ਘਟਨਾ ਤੋਂ ਡੂੰਘੇ ਚਿੰਤਤ ਹਾਂ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਅਗਲੀ ਘਟਨਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।’ ਚੀਨ ਦੀ ਇਕ ਸਥਾਨਕ ਸਮਾਚਾਰ ਏਜੰਸੀ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ, ”ਅਸੀਂ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 6 ਵਜੇ ਕਰਤੇ ਪਰਵਾਨ ਇਲਾਕੇ ‘ਚ ਧਮਾਕੇ ਦੀ ਆਵਾਜ਼ ਸੁਣੀ। ਦੂਜਾ ਧਮਾਕਾ ਪਹਿਲੇ ਤੋਂ ਅੱਧੇ ਘੰਟੇ ਬਾਅਦ ਹੋਇਆ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਸਾਵਧਾਨੀ ਦੇ ਤੌਰ ‘ਤੇ ਇਲਾਕੇ ਨੂੰ ਘੇਰ ਲਿਆ ਹੈ। ਚਸ਼ਮਦੀਦਾਂ ਮੁਤਾਬਕ ਧਮਾਕੇ ਕਾਰਨ ਅਸਮਾਨ ‘ਚ ਧੂੰਏਂ ਦਾ ਗੁਬਾਰ ਫੈਲ ਗਿਆ। ਹਮਲੇ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।


Share