ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ

44
Share

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਬੀਤੇ ਦਿਨੀਂ ਅਫ਼ਗਾਨਿਸਤਾਨ ਤੋਂ ਭਾਰਤ ਲੱਗਭਗ 30 ਸਿੱਖ ਪਰਤੇ, ਜਿਨ੍ਹਾਂ ’ਚ ਕੁਝ ਬੱਚੇ ਵੀ ਹਨ। ਇਨ੍ਹਾਂ ਸਿੱਖ ਪਰਿਵਾਰਾਂ ਨੇ ਹੁਣ ਇੱਥੇ ਪਨਾਹ ਲੈ ਲਈ ਹੈ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਪਰਤ ਆਉਣ ਮਗਰੋਂ ਉੱਥੇ ਸਥਿਤੀ ਵਿਗੜਨ ਲੱਗੀ ਸੀ। ਇੱਥੇ ਕੱਟੜਪੰਥੀ ਘੱਟ ਗਿਣਤੀਆਂ ’ਤੇ ਜ਼ੁਲਮ ਢਾਹ ਰਹੇ ਸਨ। ਭਾਰਤ ਸਰਕਾਰ ਵਲੋਂ ਪ੍ਰਭਾਵਿਤ ਸਿੱਖਾਂ ਨੂੰ ਲਿਆਉਣ ਲਈ ਈ-ਵੀਜ਼ਾ ਦੀ ਵਿਵਸਥਾ ਕੀਤੀ ਗਈ।  ਇਹ ਸਿੱਖ ਪਰਿਵਾਰ ਹੁਣ ਭਾਰਤ ਪਰਤ ਕੇ ਬਹੁਤ ਖੁਸ਼ ਹਨ। ਇਨ੍ਹਾਂ ਸਿੱਖਾਂ ’ਚੋਂ ਇਕ ਸਿੱਖ ਤਰਨ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ’ਚ ਪਰਤਣ ਮਗਰੋਂ ਉੱਥੇ ਸਥਿਤੀ ਵਿਗੜਨ ਲੱਗੀ। ਉਨ੍ਹਾਂ ਕਿਹਾ ਕਿ ਕਈ ਦਿਨਾਂ ਬਾਅਦ ਅਸੀਂ ਸਕੂਨ ਦੀ ਨੀਂਦ ਸੁੱਤੇ ਹਾਂ। ਆਪਣਾ ਦਰਦ ਬਿਆਨ ਕਰਦੇ ਹੋਏ ਸਿੱਖ ਪਰਿਵਾਰਾਂ ਨੇ ਕਿਹਾ ਕਿ ਉਥੇ ਜਾਨ ਦਾ ਡਰ ਸੀ। ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਸੀ। ਅਫ਼ਗਾਨਿਸਤਾਨ ਤੋਂ ਆਏ ਨਵੇਂ ਜਥੇ ’ਚ 3 ਸਾਲ ਦਾ ਅਵਨੀਤ ਵੀ ਸ਼ਾਮਲ ਹੈ। ਅਵਨੀਤ ਨੂੰ ਦਿਲ ਦੀ ਬੀਮਾਰੀ ਹੈ। ਅਵਨੀਤ ਦੇ ਮਾਤਾ-ਪਿਤਾ ਜਲਾਲਾਬਾਦ ’ਚ ਇਕ ਛੋਟੀ ਜਿਹੀ ਕਾਸਮੈਟਿਕਸ ਦੀ ਦੁਕਾਨ ਨਾਲ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਵੀਜ਼ਾ ਸੀ, ਇਸ ਲਈ ਅਸੀਂ ਅਵਨੀਤ ਨੂੰ ਪਾਕਿਸਤਾਨ ਦੇ ਪੇਸ਼ਾਵਰ ਲੈ ਗਏ। ਜਿੱਥੇ ਉਨ੍ਹਾਂ ਨੇ ਦਵਾਈਆਂ ਦਿੱਤੀਆਂ ਅਤੇ 3 ਮਹੀਨੇ ਬਾਅਦ ਸਾਨੂੰ ਵਾਪਸ ਜਾਣ ਨੂੰ ਕਿਹਾ।


Share