ਅਫ਼ਗਾਨਿਸਤਾਨ ‘ਚ ਰਹਿ ਰਹੇ ਸਿਰਫ਼ 20 ਸਿੱਖ ਪਰਿਵਾਰ

309
Share

• ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਾਰਨ ਨਹੀਂ ਛੱਡ ਰਹੇ ਦੇਸ਼ • ਅਫ਼ਗਾਨ ਸਰਕਾਰ ਤੋਂ ਸੁਰੱਖਿਆ ਦੀ ਮੰਗ
ਅੰਮਿ੍ਤਸਰ, 29 ਜੁਲਾਈ (ਪੰਜਾਬ ਮੇਲ)- ਅਫ਼ਗਾਨਿਸਤਾਨ ‘ਚ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਿੰਸਕ ਘਟਨਾਵਾਂ ਦੇ ਚਲਦਿਆਂ ਮੌਜੂਦਾ ਸਮੇਂ ਉੱਥੇ ਸਿਰਫ਼ ਸਿੱਖਾਂ ਦੇ 20 ਪਰਿਵਾਰ ਰਹਿ ਗਏ ਹਨ | ਇਨ੍ਹਾਂ ‘ਚੋਂ 5-6 ਪਰਿਵਾਰ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਤੋਂ ਆਪਣੀਆਂ ਜਾਨਾਂ ਬਚਾਅ ਕੇ ਦਿੱਲੀ ਪਹੁੰਚੇ ਸਨ ਪਰ ਫਿਰ ਅਚਾਨਕ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਗਏ | ਸਿੱਖ ਜਥੇਬੰਦੀਆਂ ਨੇ ਅਫ਼ਗਾਨਿਸਤਾਨ ਸਰਕਾਰ ਅੱਗੇ ਉੱਥੇ ਰਹਿ ਰਹੇ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਾਵਾਏ ਜਾਣ ਦੀ ਮੰਗ ਕੀਤੀ ਹੈ | ਦੱਸਣਯੋਗ ਹੈ ਕਿ ਸਾਲ 1992 ‘ਚ ਅਫ਼ਗਾਨਿਸਤਾਨ ‘ਚ ਹਿੰਦੂ-ਸਿੱਖਾਂ ਦੀ ਕੁੱਲ ਵਸੋਂ ਤਕਰੀਬਨ ਸਵਾ ਦੋ ਲੱਖ ਸੀ ਪਰ ਉੱਥੇ ਸ਼ੁਰੂ ਹੋਏ ਨਸਲੀ ਹਮਲਿਆਂ ਤੋਂ ਬਾਅਦ ਅਫ਼ਗ਼ਾਨ ਹਿੰਦੂ-ਸਿੱਖ ਦਿੱਲੀ, ਪਿਸ਼ਾਵਰ (ਪਾਕਿਸਤਾਨ) ਜਾਂ ਫਿਰ ਹੋਰਨਾਂ ਮੁਲਕਾਂ ‘ਚ ਪਰਿਵਾਰ ਸਮੇਤ ਆਬਾਦ ਹੋ ਗਏ | ਪਿਸ਼ਾਵਰੀ ਸਿੱਖ ਸੰਗਤ ਦੇ ਆਗੂ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਅਫ਼ਗਾਨਿਸਤਾਨ ਦੇ ਜਲਾਲਾਬਾਦ ‘ਚ  ਕੁੱਲ 19-20 ਸਿੱਖ ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਦੀ ਆਬਾਦੀ 150 ਤੋਂ ਵੀ ਘੱਟ ਹੈ, ਜਦਕਿ ਉੱਥੇ ਰਹਿ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਗਿਣਤੀ 65 ਤੋਂ 70 ਦੇ ਵਿਚਕਾਰ ਹੈ | ਉਨ੍ਹਾਂ ਦੱਸਿਆ ਕਿ ਉਕਤ ‘ਚੋਂ ਬਹੁਤੇ ਪਰਿਵਾਰ ਸ਼ੋਰ ਬਾਜ਼ਾਰ ਆਬਾਦੀ ਦੇ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜਾਂ ਫਿਰ ਆਪਣੀਆਂ ਦੁਕਾਨਾਂ ‘ਚ ਰਹਿ ਰਹੇ ਹਨ | ਗੁਰਪਾਲ ਸਿੰਘ ਅਨੁਸਾਰ ਇਨ੍ਹਾਂ ਸਿੱਖ ਪਰਿਵਾਰਾਂ ਦੀ ਆਰਥਿਕ ਹਾਲਤ ਜ਼ਿਆਦਾ ਠੀਕ ਨਹੀਂ, ਇਸ ਲਈ ਇਨ੍ਹਾਂ ਲਈ ਭਾਰਤ ਜਾਂ ਦੂਜੇ ਦੇਸ਼ਾਂ ‘ਚ ਜਾਣ ਦਾ ਖਰਚਾ ਕਰਨਾ ਸੰਭਵ ਨਹੀਂ ਹੈ | ਇਨ੍ਹਾਂ ਪਰਿਵਾਰਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਜਾਣ ‘ਤੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਤਾਂ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋ ਜਾਵੇਗੀ | ਇਸ ਦੇ ਇਲਾਵਾ ਕੁਝ ਸਿੱਖ ਤੇ ਗੁਰੂ ਨਾਨਕ ਨਾਮ ਲੇਵਾ ਪਰਿਵਾਰ ਕਾਬੁਲ, ਕੰਧਾਰ, ਜਲਾਲਾਬਾਦ, ਕਰਤਾ-ਏ-ਪਰਵਾਨ, ਗ਼ਜ਼ਨੀ ਆਦਿ ਇਲਾਕਿਆਂ ਵਿਚਲੇ ਇਤਿਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਉੱਥੇ ਟਿਕੇ ਹੋਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਅਫ਼ਗਾਨਿਸਤਾਨ ਛੱਡ ਦਿੰਦੇ ਹਨ ਤਾਂ ਉੱਥੇ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਨਿਸ਼ਾਨੀਆਂ ਅਤੇ ਸਿੱਖ ਧਰਮ ਦੀਆਂ ਮੁਕੱਦਸ ਯਾਦਗਾਰਾਂ ਦਾ ਪੂਰੀ ਤੌਰ ‘ਤੇ ਸਫ਼ਾਇਆ ਹੋ ਜਾਵੇਗਾ | ਦੱਸਿਆ ਜਾਂਦਾ ਹੈ ਕਿ ਪਹਿਲਾਂ ਅਫ਼ਗਾਨਿਸਤਾਨ ‘ਚ 500 ਤੋਂ ਵਧੇਰੇ ਗੁਰਦੁਆਰੇ ਸਨ, ਜਦਕਿ ਹੁਣ ਸਿਰਫ਼ 5-6 ਹੀ ਰਹਿ ਗਏ ਹਨ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਇਕ ਸਿੱਖ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ‘ਚ ਦੋ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਏ ਸਨ | ਇਸ ਤੋਂ ਪਹਿਲਾਂ 25 ਮਾਰਚ 2020 ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਵਿਖੇ ਹੋਏ ਆਤਮਘਾਤੀ ਅੱਤਵਾਦੀ ਹਮਲੇ ‘ਚ 25 ਸਿੱਖ ਮਾਰੇ ਗਏ ਸਨ | ਜਲਾਲਾਬਾਦ ‘ਚ ਹੀ ਸਾਲ 2018 ‘ਚ ਹੋਏ ਆਤਮਘਾਤੀ ਹਮਲੇ ‘ਚ ਅਫ਼ਗਾਨੀ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਸ: ਅਵਤਾਰ ਸਿੰਘ ਖ਼ਾਲਸਾ ਅਤੇ ਸ: ਰਵੇਲ ਸਿੰਘ ਸਮੇਤ 13 ਸਿੱਖ ਮਾਰੇ ਗਏ ਸਨ | ਉਕਤ ਹਮਲਿਆਂ ਦੀ ਜ਼ਿੰਮੇਵਾਰੀ ਆਈ. ਐਸ. ਆਈ. ਐਲ. (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਦਿ ਲਿਵੇਂਟ) ਦੇ ਹਮਲਾਵਰਾਂ ਨੇ ਲਈ ਸੀ | ਸਾਲ 1989 ‘ਚ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ‘ਚ ਅੱਤਵਾਦੀ ਸੰਗਠਨ ਵਲੋਂ ਆਤਮਘਾਤੀ ਹਮਲਾ ਕਰਕੇ 22 ਸਿੱਖਾਂ ਦੀ ਹੱਤਿਆ ਕੀਤੀ ਗਈ ਸੀ | ਇਸ ਦੇ ਇਲਾਵਾ ਵੀ ਅਫ਼ਗ਼ਾਨ ਸਿੱਖ ਭਾਈਚਾਰੇ ਦੇ ਅਗਵਾ ਅਤੇ ਕਤਲ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ |


Share