ਅਫ਼ਗ਼ਾਨਿਸਤਾਨ ‘ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ‘ਚ 2 ਜ਼ਖ਼ਮੀ

558

ਅੰਮਿ੍ਤਸਰ, 2 ਜੁਲਾਈ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਇਕ ਸਿੱਖ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ‘ਚ ਦੋ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜਦਕਿ 10 ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਜਲਾਲਾਬਾਦ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਿੰਦਰ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਸ਼ਹਿਰ ਦੀ ਮਾਰਕੀਟ ‘ਚ ਸ: ਸਤਪਾਲ ਸਿੰਘ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ, ਜਿਸ ‘ਚ ਦੁਕਾਨ ਦੇ ਮਾਲਕ ਅਤੇ ਉੱਥੇ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ | ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਦੀ ਉਕਤ ਮਾਰਕੀਟ ‘ਚ ਹਿਕਮਤ ਅਤੇ ਪੰਸਾਰੀ ਦੀ ਦੁਕਾਨ ਹੈ ਅਤੇ ਨਜ਼ਦੀਕ ਸਿੱਖ ਭਾਈਚਾਰੇ ਦੀਆਂ ਕੁਝ ਹੋਰ ਵੀ ਦੁਕਾਨਾਂ ਹਨ | ਅਫ਼ਗਾਨੀ ਸਿੱਖ ਭਾਈਚਾਰੇ ਵਲੋਂ ਉਕਤ ਬੰਬ ਧਮਾਕੇ ਦੀ ਸਾਂਝੀ ਕੀਤੀ ਵੀਡੀਓ ‘ਚ ਧਮਾਕੇ ਤੋਂ ਬਾਅਦ ਆਪਣੀਆਂ ਜਾਨਾਂ ਬਚਾਅ ਕੇ ਭੱਜ ਦੇ ਹੋਏ ਨਜ਼ਦੀਕੀ ਦੁਕਾਨਦਾਰ ਸਾਫ਼ ਵੇਖੇ ਜਾ ਸਕਦੇ ਹਨ | ਅਜੇ ਤੱਕ ਇਸ ਹਮਲੇ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਮਾਰਚ 2020 ਨੂੰ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਵਿਖੇ ਹੋਏ ਆਤਮਘਾਤੀ ਅੱਤਵਾਦੀ ਹਮਲੇ ‘ਚ 25 ਸਿੱਖ ਮਾਰੇ ਗਏ ਸਨ | ਜਲਾਲਾਬਾਦ ‘ਚ ਹੀ ਸਾਲ 2018 ‘ਚ ਹੋਏ ਆਤਮਘਾਤੀ ਹਮਲੇ ‘ਚ ਅਫ਼ਗ਼ਾਨੀ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਅਵਤਾਰ ਸਿੰਘ ਖ਼ਾਲਸਾ ਅਤੇ ਰਵੇਲ ਸਿੰਘ ਸਮੇਤ 13 ਸਿੱਖ ਮਾਰੇ ਗਏ ਸਨ | ਸਾਲ 1989 ‘ਚ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ‘ਚ ਅੱਤਵਾਦੀ ਸੰਗਠਨ ਵਲੋਂ ਆਤਮਘਾਤੀ ਹਮਲਾ ਕਰਕੇ 22 ਸਿੱਖਾਂ ਦੀ ਹੱਤਿਆ ਕੀਤੀ ਗਈ ਸੀ | ਉੱਧਰ ਨਿਰਦੋਸ਼ ਅਫ਼ਗਾਨੀ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਪਾਕਿ ਸਿੱਖ ਆਗੂਆਂ ਨੇ ਅਫ਼ਗ਼ਾਨਿਸਤਾਨ ਸਰਕਾਰ ਅੱਗੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ |