ਅਫਰੀਕੀ ਦੇਸ਼ ਬੋਸਤਵਾਨਾ ’ਚ ਮਿਲਿਆ ਦੁਨੀਆਂ ਦਾ ਤੀਸਰਾ ਸਭ ਤੋਂ ਵੱਡਾ ਹੀਰਾ

385
Share

ਗੋਬੋਰੋਨ, 18 ਜੂਨ (ਪੰਜਾਬ ਮੇਲ)- ਅਫ਼ਰੀਕੀ ਦੇਸ਼ ਬੋਤਸਵਾਨਾ ’ਚ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹੀਰਾ ਮਿਲਣ ਦੀ ਖ਼ਬਰ ਹੈ। ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਦੱਸਿਆ ਕਿ ਇਹ ਅਦਭੁੱਤ ਹੀਰਾ 1098 ਕੈਰੇਟ ਦਾ ਹੈ। ਬੀਤੀ ਇਕ ਜੂਨ ਨੂੰ ਖ਼ੁਦਾਈ ’ਚ ਇਹ ਹੀਰਾ ਮਿਲਿਆ ਸੀ ਅਤੇ ਹਾਲ ਹੀ ’ਚ ਇਸ ਨੂੰ ਰਾਸ਼ਟਰਪਤੀ ਮੋਕਗਵੇਤਸੀ ਮਸੀਸੀ ਨੂੰ ਦਿਖਾਇਆ ਗਿਆ ਹੈ। ਦੇਬਸਵਾਨਾ ਦੀ ਪ੍ਰਬੰਧ ਨਿਰਦੇਸ਼ਕ ਲਯਨੇਟੇ ਆਰਮਸਟ੍ਰਾਂਗ ਨੇ ਕਿਹਾ ਕਿ ਗੁਣਵੱਤਾ ਦੇ ਆਧਾਰ ’ਤੇ ਇਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹੀਰਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਦੁਰਲੱਭ ਤੇ ਅਸਾਧਾਰਨ ਪੱਥਰ ਹੀਰਾ ਉਦਯੋਗ ਤੇ ਬੋਤਸਵਾਨਾ ਲਈ ਕਾਫ਼ੀ ਮਹੱਤਵਪੂਰਨ ਹੈ।
ਦੇਬਸਵਾਨਾ ਦੁਆਰਾ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਕੰਪਨੀ ਦੇ ਇਤਿਹਾਸ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ। ਦੇਬਸਵਾਨਾ, ਬੋਤਸਵਾਨਾ ਦੀ ਸਰਕਾਰ ਤੇ ਦੁਨੀਆਂ ਦੀ ਦਿੱਗਜ ਹੀਰਾ ਕੰਪਨੀ ਡੀ ਬੀਅਰਸ ਦੀ ‘ਜੁਆਇੰਟ ਵੇਂਚਰ’ ਹੈ। ਇਸ ਤੋਂ ਪਹਿਲਾਂ ਸਾਲ 1905 ’ਚ ਦੱਖਣੀ ਅਫ਼ਰੀਕਾ ’ਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ, ਜੋ ਕਰੀਬ 3106 ਕੈਰੇਟ ਦਾ ਸੀ ਙ ਇਸੇ ਤਰ੍ਹਾਂ 1109 ਕੈਰੇਟ ਦਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਹੀਰਾ ਸਾਲ 2015 ’ਚ ਪੂਰਬ-ਉੱਤਰ ਬੋਤਸਵਾਨਾ ’ਚ ਮਿਲਿਆ ਸੀ।

Share