ਅਫਰੀਕਨ-ਅਮਰੀਕਨ ਜਾਰਜ ਦੀ ਮੌਤ ਦਾ ਮਾਮਲਾ; ਮਿਨੀਐਪੋਲਿਸ ‘ਚ ਪੁਲਿਸ ਵਿਭਾਗ ਖਤਮ ਕਰਨ ਦੀ ਯੋਜਨਾ

957
Share

ਵਾਸ਼ਿੰਗਟਨ, 8 ਜੂਨ (ਪੰਜਾਬ ਮੇਲ)-ਜਾਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ ‘ਚ ਪੁਲਿਸ ਪ੍ਰਣਾਲੀ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮਿਨੀਐਪੋਲਿਸ ਸਿਟੀ ਕੌਂਸਲ ਆਉਣ ਵਾਲੇ ਮਹੀਨਿਆਂ ‘ਚ ਸਿਟੀ ਦੇ ਲੋਕਲ ਪੁਲਿਸ ਵਿਭਾਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਗੱਲ ਕੌਂਸਲ ਦੇ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਹੀ ਹੈ। ਮਿਨੀਐਪੋਲਿਸ ਸਿਟੀ ਕੌਂਸਲ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ‘ਜਨਤਕ ਸੁਰੱਖਿਆ’ ਦਾ ਇਕ ਨਵਾਂ ਮਾਡਲ ਬਣਾਇਆ ਜਾਵੇਗਾ।
25 ਮਈ ਨੂੰ ਮਿਨੀਐਪੋਲਿਸ ਦੇ ਇਕ ਪੁਲਿਸ ਅਧਿਕਾਰੀ ਵੱਲੋਂ ਤਕਰੀਬਨ 9 ਮਿੰਟ ਤੱਕ ਜਾਰਜ ਫਲਾਇਦ ਦੀ ਗਰਦਨ ਗੋਡਿਆਂ ਨਾਲ ਦਬਾਈ ਰੱਖਣ ਕਾਰਨ ਉਸ ਦੀ ਮੌਤ ਹੋ ਗਈ ਸੀ। ਚਾਰ ਅਧਿਕਾਰੀ ਹੁਣ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕੌਂਸਲ ਮੈਂਬਰ ਜੇਰੇਮਿਆ ਐਲੀਸਨ ਨੇ ਕਿਹਾ, ”ਕੌਂਸਲ ਪੁਲਿਸ ਵਿਭਾਗ ਨੂੰ ਖ਼ਤਮ ਕਰਨ ਜਾ ਰਹੀ ਹੈ।” ਉਨ੍ਹਾਂ ਵਾਅਦਾ ਕੀਤਾ ਕਿ ਪੁਲਿਸ ਵਿਭਾਗ ਦੇ ਰੰਗਰੂਪ ਨੂੰ ਬਿਲਕੁਲ ਹੀ ਬਦਲ ਦਿੱਤਾ ਜਾਵੇਗਾ।
ਸਿਟੀ ਪਾਰਕ ਵਿਚ ਹੋਈ ਰੈਲੀ ‘ਚ ਸਿਟੀ ਕੌਂਸਲ ਦੇ 12 ਮੈਂਬਰਾਂ ਵਿਚੋਂ 9 ਨੇ ਹਿੱਸਾ ਲਿਆ ਤੇ ਪੁਲਿਸ ਵਿਭਾਗ ਵਿਚ ਵੱਡੀਆਂ ਤਬਦੀਲੀਆਂ ਦਾ ਤਹੱਈਆ ਪ੍ਰਗਟਾਇਆ।
ਜਾਰਜ ਫਲਾਇਡ ਦੇ ਮੈਮੇਰੀਅਲ ਡੇਅ ਤੋਂ ਬਾਅਦ ਮਿਨੀਐਪੋਲਿਸ ਵਿਚ ਹਿੰਸਕ ਤੇ ਸ਼ਾਂਤਮਈ ਮੁਜ਼ਾਹਰੇ ਹੋਏ। ਕਮਿਊਨਿਟੀ ਕਾਰਕੁੰਨਾਂ ਵੱਲੋਂ ਲੰਮੇ ਸਮੇਂ ਤੋਂ ਸਥਾਨਕ ਪੁਲਿਸ ਵਿਭਾਗ ‘ਤੇ ਨਸਲਵਾਦੀ ਤੇ ਜ਼ਾਲਮ ਹੋਣ ਦਾ ਦੋਸ਼ ਲੱਗਦਾ ਰਿਹਾ ਹੈ। ਪਿਛਲੇ ਹਫਤੇ ਮਿਨੀਸੋਟਾ ਵੱਲੋਂ ਵਿਭਾਗ ਦੀ ਸਿਵਲ ਰਾਈਟਸ ਸਬੰਧੀ ਜਾਂਚ ਸ਼ੁਰੂ ਕੀਤੀ ਗਈ। ਪਹਿਲੀ ਵੱਡੀ ਤਬਦੀਲੀ ਉਸ ਸਮੇਂ ਆਈ, ਜਦੋਂ ਸਿਟੀ ਨੇ ਚੋਕਹੋਲਡਜ਼ ਤੇ ਨੈੱਕ ਰੀਸਟ੍ਰੇਂਟਸ ਉੱਤੇ ਪਾਬੰਦੀ ਲਈ ਸਹਿਮਤੀ ਦਿੱਤੀ। ਆਉਣ ਵਾਲੇ ਮਹੀਨਿਆਂ ਵਿਚ ਪੁਲਿਸ ਵਿਭਾਗ ਦਾ ਮੁਕੰਮਲ ਕਾਇਆਕਲਪ ਸਾਹਮਣੇ ਆਉਣ ਦੀ ਸੰਭਾਵਨਾ ਹੈ।


Share