ਅਫਗਾਨੀ ਲੋਕਾਂ ਨੂੰ ਦਿੱਤੀ ਜਾਵੇਗੀ ਫੌਜੀ ਬੇਸ ’ਚ ਅਸਥਾਈ ਰਿਹਾਇਸ਼

220
Share

ਫਰਿਜ਼ਨੋ, 21 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਫਗਾਨਿਸਤਾਨ ’ਚ ਤਾਇਨਾਤ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ , ਬਾਇਡਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਅਫਗਾਨੀ ਲੋਕਾਂ ਦੀ ਸਹਾਇਤਾ ਮੁਹਿੰਮ ਸ਼ੁਰੂ ਕੀਤੀ ਹੈ, ਜਿਨ੍ਹਾਂ ਨੇ ਅਮਰੀਕੀ ਫੌਜਾਂ ਦੀ ਸਹਾਇਤਾ ਕੀਤੀ ਸੀ।
ਇਸ ਮੁਹਿੰਮ ਦੇ ਤਹਿਤ ਤਕਰੀਬਨ 2,500 ਅਫਗਾਨਿਸਤਾਨੀ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਰਜੀਨੀਆ ਦੇ ਫੋਰਟ ਲੀ ਫੌਜੀ ਬੇਸ ਵਿਚ ਅਸਥਾਈ ਰਿਹਾਇਸ਼ ਦਿੱਤੀ ਜਾਵੇਗੀ। ਵਿਦੇਸ਼ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਲਈ ਵੀਜ਼ਾ ਪ੍ਰਕਿਰਿਆ ਐੱਸ.ਆਈ.ਵੀ. ਦੇ ਬਿਨੈਕਾਰਾਂ ਦੇ ਪਹਿਲੇ ਗੇੜ ਨੂੰ ਫੋਰਟ ਲੀ ਵਿਖੇ ਅਸਥਾਈ ਤੌਰ ’ਤੇ ਰੱਖਿਆ ਜਾਵੇਗਾ, ਜਿੱਥੇ ਉਹ ਮੈਡੀਕਲ ਜਾਂਚ ਅਤੇ ਹੋਰ ਪ੍ਰਸ਼ਾਸਕੀ ਸ਼ਰਤਾਂ ਨੂੰ ਪੂਰਾ ਕਰਨਗੇ। ਇਨ੍ਹਾਂ 2500 ਅਫਗਾਨਾਂ ਵਿਚ 700 ਬਿਨੈਕਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਅਨੁਸਾਰ ਰੱਖਿਆ ਵਿਭਾਗ ਫੋਰਟ ਲੀ ਤੋਂ ਇਲਾਵਾ ਹੋਰ ਘਰੇਲੂ ਟਿਕਾਣਿਆਂ ’ਤੇ ਵੀ ਵਿਚਾਰ ਕਰ ਰਿਹਾ ਹੈ ਅਤੇ ਵਿਦੇਸ਼ੀ ਥਾਵਾਂ ਵੀ ਬੇਨਤੀ ਕਰਨ ਵਾਲਿਆਂ ਲਈ ਵਿਚਾਰ ਅਧੀਨ ਹਨ। ਵਿਦੇਸ਼ ਵਿਭਾਗ ਦੀ ਜਾਣਕਾਰੀ ਅਨੁਸਾਰ ਐੱਸ.ਆਈ.ਵੀ. ਦੀਆਂ ਅਜੇ ਵੀ 16,000 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ।

Share