ਅਫਗਾਨਿਸਤਾਨ ਸਰਹੱਦ ’ਤੇ 5 ਪਾਕਿ ਸੈਨਿਕਾਂ ਦੇ ਕਤਲ ’ਤੇ ਗੁੱਸੇ ’ਚ ਆਇਆ ਪਾਕਿਸਤਾਨ

505
Share

-ਪਹਿਲੀ ਵਾਰ ਕੀਤੀ ਤਾਲਿਬਾਨ ਦੀ ਨਿੰਦਾ ਤੇ ਜਤਾਇਆ ਇਤਰਾਜ
ਇਸਲਾਮਾਬਾਦ, 7 ਫਰਵਰੀ (ਪੰਜਾਬ ਮੇਲ)- ਅਫਗਾਨਿਸਤਾਨ ਸਰਹੱਦ ’ਤੇ 5 ਪਾਕਿਸਤਾਨੀ ਸੈਨਿਕਾਂ ਦੇ ਕਤਲ ਨਾਲ ਪਾਕਿਸਤਾਨ ਕਾਫੀ ਗੁੱਸੇ ਵਿਚ ਹੈ। ਜਨਰਲ ਕਮਰ ਜਾਵੇਦ ਬਾਜਵਾ ਅਤੇ ਉਨ੍ਹਾਂ ਦੇ ਸਹਿਯੋਗੀ ਤਾਲਿਬਾਨ ਵਿਚਕਾਰ ਸਬੰਧ ਖਰਾਬ ਹੁੰਦੇ ਦਿਸ ਰਹੇ ਹਨ। ਪਾਕਿਸਤਾਨੀ ਸੈਨਾ ਨੇ ਪਹਿਲੀ ਵਾਰ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਆਪਣੇ ਸੈਨਿਕਾਂ ’ਤੇ ਹਮਲੇ ਲਈ ਕੀਤੇ ਜਾਣ ਦੀ ਜਨਤਕ ਤੌਰ ’ਤੇ ਨਿੰਦਾ ਕੀਤੀ ਹੈ। ਪਾਕਿਸਤਾਨੀ ਸੈਨਾ ਨੇ ਤਾਲਿਬਾਨ ਖ਼ਿਲਾਫ਼ ਇਹ ਤਾਜ਼ਾ ਬਿਆਨ ਅਜਿਹੇ ਸਮੇਂ ਵਿਚ ਦਿੱਤਾ ਹੈ, ਜਦੋਂ ਅਫਗਾਨ ਸਰਹੱਦ ਤੋਂ ਦਾਖਲ ਹੋਏ ਟੀ.ਟੀ.ਪੀ. ਅੱਤਵਾਦੀਆਂ ਨੇ ਐਤਵਾਰ ਨੂੰ 5 ਸੈਨਿਕਾਂ ਦਾ ਕਤਲ ਕਰ ਦਿੱਤਾ।
ਪਾਕਿਸਤਾਨੀ ਮੀਡੀਆ ਮੁਤਾਬਕ ਇਸ ਹਮਲੇ ਦੇ ਬਾਅਦ ਹੁਣ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਲੈ ਕੇ ਪਾਕਿਸਤਾਨੀ ਸੈਨਾ ਦਾ ਧੀਰਜ ਜਵਾਬ ਦੇ ਰਿਹਾ ਹੈ। ਪਾਕਿਸਤਾਨੀ ਸੈਨਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਫਗਾਨਿਸਤਾਨ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਆਏ ਅੱਤਵਾਦੀਆਂ ਨੇ ਕੁਰਮ ਜ਼ਿਲ੍ਹੇ ’ਚ ਪਾਕਿਸਤਾਨੀ ਸੈਨਿਕਾਂ ’ਤੇ ਹਮਲਾ ਕਰ ਦਿੱਤਾ। ਪਾਕਿਸਤਾਨੀ ਸੈਨਾ ਨੇ ਦਾਅਵਾ ਕੀਤਾ ਕਿ ਉਸ ਨੇ ਮੂੰਹ ਤੋੜ ਜਵਾਬ ਦਿੱਤਾ, ਜਿਸ ਵਿਚ ਅੱਤਵਾਦੀਆਂ ਨੂੰ ਭਾਰੀ ਨੁਕਸਾਨ ਹੋਇਆ।
ਪਾਕਿਸਤਾਨੀ ਸੈਨਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਦੇਸ਼ ਅੰਦਰ ਅੱਤਵਾਦੀ ਗਤੀਵਿਧੀ ਚਲਾਉਣ ਲਈ ਅਫਗਾਨ ਜ਼ਮੀਨ ਦੀ ਵਰਤੋਂ ਦੀ ਸਖ਼ਤ ਨਿੰਦਾ ਕਰਦਾ ਹੈ। ਉਸ ਨੇ ਕਿਹਾ ਕਿ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਤੋਂ ਆਸ ਕਰਦੇ ਹਾਂ ਕਿ ਉਹ ਭਵਿੱਖ ਵਿਚ ਪਾਕਿਸਤਾਨ ਖ਼ਿਲਾਫ਼ ਅਜਿਹਾ ਨਹੀਂ ਹੋਣ ਦੇਵੇਗੀ। ਅਜਿਹਾ ਪਹਿਲੀ ਵਾਰ ਹੈ, ਜਦੋਂ ਪਾਕਿਸਤਾਨ ਨੇ ਅਧਿਕਾਰਤ ਤੌਰ ’ਤੇ ਤਾਲਿਬਾਨ ਦੇ ਸ਼ਾਸਨ ਵਾਲੀ ਅਫਗਾਨ ਜ਼ਮੀਨ ਦੀ ਵਰਤੋਂ ਦੀ ਨਿੰਦਾ ਕੀਤੀ ਹੈ। ਇਸ ਤੋਂ ਪਹਿਲਾਂ ਜਦੋਂ ਤਾਲਿਬਾਨੀਆਂ ਨੇ ਸਰਹੱਦ ’ਤੇ ਵਾੜ ਲਗਾਉਣ ਤੋਂ ਰੋਕਿਆ ਸੀ, ਤਾਂ ਪਾਕਿਸਤਾਨੀ ਸੈਨਾ ਨੇ ਇਸ ਨੂੰ ਸਥਾਨਕ ਸਮੱਸਿਆ ਕਰਾਰ ਦਿੱਤਾ ਸੀ।¿;
ਐਕਸਪ੍ਰੈੱਸ ਟਿ੍ਰਬਿਊਨ ਦੀ ਰਿਪੋਰਟ ਮੁਤਾਬਕ ਅਜਿਹਾ ਲੱਗਦਾ ਹੈ ਕਿ ਤਾਲਿਬਾਨ ਦੀ ਅੰਤਰਿਮ ਸਰਕਾਰ ਨੂੰ ਲੈ ਕੇ ਪਾਕਿਸਤਾਨ ਦਾ ਸਬਰ ਜਵਾਬ ਦੇ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਇਹਨਾਂ ਹਮਲਿਆਂ ਦੇ ਬਾਅਦ ਕਿਹਾ ਕਿ ਤਾਲਿਬਾਨ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਅਤੇ ਇਹ ਯਕੀਨੀ ਕਰੇ ਕਿ ਇਸ ਤਰ੍ਹਾਂ ਦੇ ਹਮਲੇ ਦੁਬਾਰਾ ਨਾ ਹੋਣ।

Share