ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦਾ ਮਿਸ਼ਨ 31 ਅਗਸਤ ਨੂੰ ਹੋਵੇਗਾ ਖਤਮ: ਜੋਅ ਬਾਈਡੇਨ

562
Share

ਫਰਿਜ਼ਨੋ (ਕੈਲੀਫੋਰਨੀਆ), 9 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚੋਂ ਤਕਰੀਬਨ 20 ਸਾਲਾਂ ਬਾਅਦ ਅਮਰੀਕਾ ਦੇ ਸੈਨਿਕਾਂ ਦੀ ਅਫਗਾਨਿਸਤਾਨ ਤੋਂ ਵਾਪਸੀ 31 ਅਗਸਤ ਨੂੰ ਖਤਮ ਹੋਵੇਗੀ। ਇਸ ਤੋਂ ਪਹਿਲਾਂ ਬਾਈਡੇਨ ਦੁਆਰਾ ਇਸ ਕਾਰਵਾਈ ਲਈ 11 ਸਤੰਬਰ ਦੀ ਤਾਰੀਕ ਦਾ ਅਪ੍ਰੈਲ ਵਿੱੱਚ ਐਲਾਨ ਕੀਤਾ ਗਿਆ ਸੀ। ਰਾਸ਼ਟਰਪਤੀ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਬੋਲਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਸਭ ਤੋਂ ਲੰਬੀ ਲੜਾਈ ਖਤਮ ਕੀਤੀ ਜਾ ਰਹੀ ਹੈ।ਜਿਸ ਸਮੇਂ ਬਾਈਡੇਨ ਨੇ ਸਤੰਬਰ ਦੀ ਆਖਰੀ ਤਾਰੀਖ ਦਾ ਐਲਾਨ ਕੀਤਾ ਸੀ, ਉਸ ਸਮੇਂ ਅਫਗਾਨਿਸਤਾਨ ਵਿੱਚ ਤਕਰੀਬਨ 3,500 ਫੌਜੀ ਬਚੇ ਸਨ। ਜਦਕਿ ਇਸ ਹਫਤੇ ਦੇ ਸ਼ੁਰੂ ਵਿਚ, ਪੈਂਟਾਗਨ ਨੇ ਜਾਣਕਾਰੀ ਦਿੱਤੀ ਸੀ ਕਿ ਸੈਨਿਕਾਂ ਦੀ ਵਾਪਸੀ 90% ਪੂਰੀ ਹੋ ਚੁੱਕੀ ਹੈ। ਅਮਰੀਕਾ ਦੀਆਂ ਫੌਜਾਂ ਨੇ ਪਿਛਲੇ ਹਫਤੇ ਅਫਗਾਨਿਸਤਾਨ ਵਿਚਲੇ ਸਭ ਤੋਂ ਵੱਡੇ ਅਮਰੀਕੀ ਬੇਸ ਬਾਗਰਾਮ ਏਅਰਫੀਲਡ ਨੂੰ ਵੀ ਛੱਡ ਦਿੱਤਾ ਸੀ।ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦੀ ਅਫਗਾਨਿਸਤਾਨ ਵਿੱਚ ਡਿਪਲੋਮੈਟਿਕ ਮੌਜੂਦਗੀ ਜਾਰੀ ਰਹੇਗੀ।  ਕਾਬੁਲ ਵਿੱਚ ਅੰਬੈਸੀ ਨੂੰ ਬਣਾਈ ਰੱਖਣ ਲਈ ਸੈਂਕੜੇ ਸੈਨਿਕ ਸੁਰੱਖਿਆ ਲਈ ਰਹਿਣਗੇ ਅਤੇ ਕਈ ਹੋਰ ਕਾਬਲ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਵਿੱਚ ਵੀ ਸਹਾਇਤਾ ਕਰ ਸਕਦੇ ਹਨ।ਇਸਦੇ ਇਲਾਵਾ ਫੌਜਾਂ ਦੀ ਵਾਪਸੀ ਦੇ ਨਾਲ, ਅਮਰੀਕਾ ਅਜੇ ਵੀ ਤਕਰੀਬਨ 60,000 ਅਫਗਾਨਾਂ ਜਿਹਨਾਂ ਵਿੱਚ 18,000 ਭਾਸ਼ਾ ਟਰਾਂਸਲੇਟਰ ਅਤੇ ਉਨ੍ਹਾਂ ਦੇ ਪਰਿਵਾਰਾਂ ਸ਼ਾਮਲ ਹਨ , ਨੂੰ ਤਾਲਿਬਾਨ ਤੋਂ ਬਚਾਉਣ ਲਈ ਦੇਸ਼  ਵਿੱਚੋਂ ਕੱਢਣ ਲਈ ਕੰਮ ਕਰ ਰਿਹਾ ਹੈ।

Share