ਅਫਗਾਨਿਸਤਾਨ ਦੇ ਅੱਧੇ ਜ਼ਿਲ੍ਹਿਆਂ ’ਤੇ ਤਾਲਿਬਾਨ ਅੱਤਵਾਦੀਆਂ ਦਾ ਕੰਟਰੋਲ: ਅਮਰੀਕੀ ਫੌਜੀ ਅਧਿਕਾਰੀ ਦਾ ਦਾਅਵਾ

122
Joint Chiefs Chairman Gen. Mark Milley speaks at a House Armed Services Committee hearing on Capitol Hill, Wednesday, Feb. 26, 2020, in Washington. (AP Photo/Andrew Harnik)
Share

ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਯੂ.ਐੱਸ ਦੇ ਜੁਆਇੰਟ ਚੀਫਟ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਦੇ ਕੰਟਰੋਲ ਦੀ ਲੜਾਈ ਵਿਚ ‘‘ਰਣਨੀਤਕ ਰਫ਼ਤਾਰ’’ ਹਾਸਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮਿਲੇ ਨੇ ਬੁੱਧਵਾਰ ਨੂੰ ਪੈਂਟਾਗਨ ਵਿਖੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਇਹ ਅਫਗਾਨਿਸਤਾਨ ਦੀ ਸੁਰੱਖਿਆ, ਅਫਗਾਨਿਸਤਾਨ ਸਰਕਾਰ ਅਤੇ ਅਫਗਾਨਿਸਤਾਨ ਦੇ ਲੋਕਾਂ ਦੀ ਇੱਛਾ ਅਤੇ ਅਗਵਾਈ ਦੀ ਪ੍ਰੀਖਿਆ ਹੋਵੇਗੀ।’’ ਉਸ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਤਕਰੀਬਨ 212 ਅਤੇ 214 ਜ਼ਿਲ੍ਹਾ ਹੈਡਕੁਆਟਰ ਤਾਲਿਬਾਨ ਅੱਤਵਾਦੀਆਂ ਦੇ ਕੰਟਰੋਲ ਵਿਚ ਹੈ, ਜੋ ਕੁੱਲ ਜ਼ਿਲ੍ਹਿਆਂ ਦੇ 419 ਵਿਚੋਂ ਲਗਭਗ ਅੱਧਾ ਹੈ।
ਉਸ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੋ ਰਿਹਾ ਕਿ ਤਾਲਿਬਾਨ ਅੱਤਵਾਦੀਆਂ ਦਾ ਪੱਖ ਭਾਰੀ ਹੈ, ਕਿਉਂਕਿ ਉਨ੍ਹਾਂ ਨੇ ਪਿਛਲੇ ਛੇ ਮਹੀਨਿਆਂ ਵਿਚ ਇਕ ਮਹੱਤਵਪੂਰਨ ਖੇਤਰ ’ਤੇ ਆਪਣਾ ਕਬਜ਼ਾ ਕਰ ਲਿਆ। ਹਾਲਾਂਕਿ, ਉਨ੍ਹਾਂ ਨੇ 34 ਸੂਬਾਈ ਰਾਜਧਾਨੀਆਂ ’ਚੋਂ ਕਿਸੇ ’ਤੇ ਕਬਜ਼ਾ ਨਹੀਂ ਕੀਤਾ। ਉਸਨੇ ਕਿਹਾ ਕਿ ਤਾਲਿਬਾਨ ਜ਼ਿਆਦਾ ਖੇਤਰ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਇਸ ਦੌਰਾਨ ਅਫਗਾਨ ਸੁਰੱਖਿਆ ਬਲ ਕਾਬੁਲ ਸਣੇ ਵੱਡੇ ਆਬਾਦੀ ਕੇਂਦਰਾਂ ਦੀ ਸੁਰੱਖਿਆ ਲਈ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਮਿਲੇ ਨੇ ਕਿਹਾ, ‘‘ਤਾਲਿਬਾਨ ਨੇ 6,8,10 ਮਹੀਨਿਆਂ ’ਚ ਕਾਫ਼ੀ ਵੱਡੇ ਖੇਤਰਾਂ ’ਤੇ ਕਬਜ਼ਾ ਕਰ ਲਿਆ, ਉਥੇ ਹੀ ਤਾਲਿਬਾਨ ਰਣਨੀਤਕ ਗਤੀ ਹਾਸਲ ਕਰਦਾ ਵੀ ਵਿਖਾਈ ਦੇ ਰਿਹਾ ਹੈ।
ਪੈਂਟਾਗਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ 95 ਫੀਸਦੀ ਮੁਕੰਮਲ ਹੋ ਚੁੱਕੀ ਹੈ, ਜੋ 31 ਅਗਸਤ ਤੱਕ ਖ਼ਤਮ ਹੋ ਜਾਵੇਗੀ। ਮਿਲੇ ਦੇ ਨਾਲ ਮੌਜੂਦ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਅਮਰੀਕੀ ਫੌਜ ਦੀਆਂ ਕੋਸ਼ਿਸ਼ਾਂ ਤਾਲਿਬਾਨ ’ਤੇ ਨਹੀਂ, ਸਗੋਂ ਅੱਤਵਾਦੀ ਖਤਰਿਆਂ ਨਾਲ ਨਜਿੱਠਣ’ ਤੇ ਕੇਂਦਰਿਤ ਹੋਣਗੀਆਂ। 11 ਸਤੰਬਰ 2001 ਨੂੰ ਅਮਰੀਕਾ ’ਤੇ ਹਮਲਾ ਕਰਨ ਵਾਲੇ ਅਲਕਾਇਦਾ ’ਤੇ ਅਮਰੀਕਾ ਨਜ਼ਰ ਰੱਖੇਗਾ। ਆਸਟਿਨ ਨੇ ਕਿਹਾ ਕਿ ਤਾਲਿਬਾਨ ਨੇ 2020 ਵਿਚ ਸੰਕਲਪ ਲਿਆ ਸੀ ਕਿ ਉਹ ਭਵਿੱਖ ਵਿਚ ਅਫਗਾਨਿਸਤਾਨ ਨੂੰ ਅਲ-ਕਾਇਦਾ ਲਈ ਪਨਾਹਗਾਹ ਨਹੀਂ ਬਣਨ ਦੇਵੇਗਾ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਤਾਲਿਬਾਨ ਆਪਣਾ ਸੰਕਲਪ ਯਾਦ ਰੱਖੇਗਾ।

Share