ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ ਸਿੱਖਾਂ ਲਈ ਅਤਿ ਦੁਖਦਾਈ

788

ਨਿਊਯਾਰਕ, 1 ਅਪ੍ਰੈਲ (ਪੰਜਾਬ ਮੇਲ)- ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐੱਸ.ਸੀ.ਸੀ.ਈ.ਸੀ.) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਦੀਆਂ ਵਰਕਿੰਗ ਕਮੇਟੀਆਂ ਦੀ ਇਕ ਐਮਰਜੰਸੀ ਟੈਲੀਕਾਨਫਰੰਸ ਸੱਦੀ ਗਈ, ਜਿਸ ਵਿਚ 128 ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਟੈਲੀਕਾਨਫਰੰਸ ਦੌਰਾਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਸ੍ਰੀ ਹਰਿ ਰਾਏ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਦੀ ਸਖਤ ਨਿਖੇਧੀ ਕੀਤੀ ਗਈ। ਇੱਥੇ ਦੱਸ ਦੇਈਏ ਕਿ ਇਸ ਘਟਨਾ ਵਿਚ ਘੱਟੋ-ਘੱਟ 27 ਸਿੱਖ ਸ਼ਰਧਾਲੂ ਸ਼ਹੀਦ ਹੋ ਗਏ ਅਤੇ ਹੋਰ ਬਹੁਤ ਸਾਰੇ ਜ਼ਖਮੀ ਹੋ ਗਏ ਸਨ। ਹਮਲਾਵਰ ਬੰਦੂਕਧਾਰੀਆਂ ਨੇ ਕਈ ਘੰਟੇ ਗੁਰਦੁਆਰਾ ਸਾਹਿਬ ‘ਚ ਸਿੱਖ ਸ਼ਰਧਾਲੂਆਂ ਨੂੰ ਬੰਧਕ ਬਣਾਈ ਰੱਖਿਆ, ਕਿਉਂਕਿ ਅੰਤਰਰਾਸ਼ਟਰੀ ਫੌਜਾਂ ਦੀ ਸਹਾਇਤਾ ਨਾਲ, ਅਫਗਾਨਿਸਤਾਨ ਦੇ ਵਿਸ਼ੇਸ਼ ਫੌਜੀ ਦਸਤੇ ਇਮਾਰਤ ਨੂੰ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਮਰਨ ਵਾਲਿਆਂ ਵਿਚ ਇਕ ਬੱਚਾ ਵੀ ਸ਼ਾਮਿਲ ਸੀ। ਸੁਰੱਖਿਆ ਬਲਾਂ ਨਾਲ 6 ਘੰਟੇ ਚੱਲੀ ਗੋਲੀਬਾਰੀ ‘ਚ ਬੰਦੂਕਧਾਰੀ ਹਮਲਾਵਰ ਮਾਰਿਆ ਗਿਆ।
ਐੱਸ.ਸੀ.ਸੀ.ਈ.ਸੀ. ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ, ”ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਫਗਾਨਿਸਤਾਨ ਵਿਚ ਸਿੱਖਾਂ ਖਿਲਾਫ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।” ਉਸਨੇ ਅੱਗੇ ਕਿਹਾ ਕਿ ਅਜਿਹਾ ਹੀ ਹਮਲਾ ਜੁਲਾਈ 2018 ‘ਚ ਹੋਇਆ ਸੀ, ਜਦੋਂ ਜਲਾਲਾਬਾਦ ਸ਼ਹਿਰ ਵਿਚ ਇੱਕ ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲਾਵਰ ਦੁਆਰਾ ਸਿੱਖਾਂ ਦੇ ਕਾਫਲੇ ਉੱਤੇ ਕੀਤਾ ਗਿਆ ਸੀ, ਜਿਸ ਵਿਚ 19 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸਨੇ ਸਵਾਲ ਕੀਤਾ, ”ਦੁਨੀਆਂ ਕਿੰਨਾ ਚਿਰ ਅਜਿਹੇ ਅੰਨ੍ਹੇਵਾਹ ਅੱਤਿਆਚਾਰਾਂ ਪ੍ਰਤੀ ਨਜ਼ਰ ਹੁੰਦੀ ਰਹੇਗੀ”। ਉਨ੍ਹਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰਾਸ਼ਟਰਪਤੀ ਟਰੰਪ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ਵਿਚ ਸਿੱਖ ਧਾਰਮਿਕ ਸਥਾਨਾਂ ਦੀ ਰੱਖਿਆ ਲਈ ਅਫਗਾਨ-ਅਮਰੀਕੀ ਗੱਠਜੋੜ ਬਲਾਂ ਦੀ ਤਾਇਨਾਤੀ ਕਰਨ।
ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ, ”ਸਿੱਖ ਅਫਗਾਨਿਸਤਾਨ ‘ਚ ਵਿਆਪਕ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ ਅਤੇ ਇਸਲਾਮਿਕ ਅੱਤਵਾਦੀਆਂ ਦਾ ਅਕਸਰ ਨਿਸ਼ਾਨਾ ਬਣਦੇ ਰਹੇ ਹਨ। ਸਿੱਖ ਆਬਾਦੀ ਜਿਹੜੀ ਹਜ਼ਾਰਾਂ ਪਰਿਵਾਰਾਂ ਵਿਚ ਹੁੰਦੀ ਸੀ, ਹੁਣ ਸਿਰਫ ਕੁਝ ਸੌ ਪਰਿਵਾਰਾਂ ਵਿਚ ਰਹਿ ਗਈ ਹੈ। ਇਸ ਕਿਸਮ ਦੀ ਦਹਿਸ਼ਤ ਕਾਰਨ ਵੱਡੀ ਗਿਣਤੀ ਵਿਚ ਸਿੱਖ ਗੁਆਂਢੀ ਦੇਸ਼ਾਂ ਵਿਚ ਪਨਾਹ ਮੰਗ ਰਹੇ ਹਨ। ਉਨ੍ਹਾਂ ਮਨੁੱਖੀ ਅਧਿਕਾਰਾਂ ਲਈ ਉੱਚ ਕਮਿਸ਼ਨਰ (ਓ.ਐੱਚ.ਸੀ.ਐੱਚ.ਆਰ.) ਦੇ ਸੰਯੁਕਤ ਰਾਸ਼ਟਰ ਦੇ ਜੇਨੇਵਾ ਬੇਸਡ ਦਫਤਰ ਨੂੰ ਮਨੁੱਖੀ ਅਧਿਕਾਰਾਂ ਦੀ ਇਸ ਗੰਭੀਰ ਸਥਿਤੀ ਵਿਚ ਦਖਲ ਦੇਣ ਦੀ ਅਪੀਲ ਕੀਤੀ।
ਦੋਵਾਂ ਨੇ ਕੈਨੇਡੀਅਨ ਅਤੇ ਅਮਰੀਕਨ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਫਗਾਨੀ ਸਿੱਖਾਂ ਨੂੰ ਧਾਰਮਿਕ ਅੱਤਿਆਚਾਰ ਖਤਮ ਕਰਨ ਲਈ ਤਰਜੀਹੀ ਪਨਾਹ ਦਾ ਪ੍ਰਬੰਧ ਕਰਨ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿਚ ਅਫਗਾਨੀ ਸਿੱਖਾਂ ਨਾਲ ਪੂਰਨ ਏਕਤਾ ਪ੍ਰਗਟਾਈ ਅਤੇ ਸਿੱਖ ਡਾਇਸਪੋਰਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿੱਖ ਭਰਾਵਾਂ ਨੂੰ ਨੈਤਿਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ।