ਅਫਗਾਨਿਸਤਾਨ ’ਚ 2021 ਦੀ ਸ਼ੁਰੂਆਤ ਤੋਂ ਹੁਣ ਤੱਕ ਅੱਤਵਾਦੀਆਂ ਹੱਥੋਂ ਮਾਰੇ ਗਏ 30 ਪੱਤਰਕਾਰ

671
Share

-ਰਿਪੋਰਟ ’ਚ ਕੀਤਾ ਗਿਆ ਦਾਅਵਾ
ਕਾਬੁਲ, 27 ਜੁਲਾਈ (ਪੰਜਾਬ ਮੇਲ)- ਅਫ਼ਗਾਨਿਸਤਾਨ ’ਚ 2021 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 30 ਪੱਤਰਕਾਰ ਸਮੇਤ ਮੀਡੀਆ ਕਾਮੇ ਮਾਰੇ ਗਏ। ਇਹ ਸਾਰੇ ਅੱਤਵਾਦੀਆਂ ਦਾ ਸ਼ਿਕਾਰ ਬਣੇ। ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਜ਼ਖਮੀ ਕੀਤਾ ਗਿਆ। ਅਫ਼ਗਾਨਿਸਤਾਨ ਦੀ ਇਕ ਗੈਰ-ਲਾਭਕਾਰੀ ਸੰਗਠਨ ‘ਨਾਈ’ ਦੀ ਰਿਪੋਰਟ ’ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ’ਚ ਕਾਬੁਲ ’ਚ ਇਕ ਬੰਬ ਧਮਾਕੇ ’ਚ ਇਕ ਮਹਿਲਾ ਸਮੇਤ ਦੋ ਪੱਤਰਕਾਰ ਵੀ ਮਾਰ ਗਏ ਸਨ। ਸਥਾਨਕ ਪੱਤਰਕਾਰਾਂ ਨੇ ਅਫ਼ਗਾਨਿਸਤਾਨ ਦੇ ਬੱਲਖ ਸੂਬੇ ’ਚ ਲੋੜੀਂਦੀ ਜਾਣਕਾਰੀ ਮੁਹੱਈਆ ਨਾ ਕਰਵਾਉਣ ਵਾਲੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕੀਤੀ।
ਸਮਾਚਾਰ ਏਜੰਸੀ ਨੇ ਦੱਸਿਆ ਕਿ ਇਕ ਪੱਤਰਕਾਰ ਨੂੰ ਕਾਬੁਲ ਸ਼ਹਿਰ ’ਚ ਇਕ ਘਟਨਾ ਨੂੰ ਕਵਰ ਕਰਨ ਤੋਂ ਵੀ ਰੋਕਿਆ ਗਿਆ ਅਤੇ ਕਾਬੁਲ ਪੁਲਿਸ ਨੇ ਉਸ ਨੂੰ ਧਮਕੀ ਵੀ ਦਿੱਤੀ, ਜਦਕਿ ਅਫ਼ਗਾਨ ਪੀਸ ਪਬਲੀਕੇਸ਼ਨ ਵਾਚ ਦੇ ਇਕ ਹੋਰ ਪੱਤਰਕਾਰ ਦਾ ਸਰਕਾਰੀ ਅਧਿਕਾਰੀਆਂ ਨੇ ਅਪਮਾਨ ਕੀਤਾ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਬਾਵਰ ਮੀਡੀਆ ਦੇ 26 ਕਾਮਿਆਂ ਨੂੰ ਉੱਤਰੀ ਬੱਲਖ ਸੂਬੇ ’ਚ ਨੌਕਰੀ ’ਚੋਂ ਕੱਢ ਦਿੱਤਾ ਗਿਆ ਅਤੇ 4 ਕਾਮਿਆਂ ਨੂੰ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨ ਲਈ ਉੱਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਵਲੋਂ ਬਰਖ਼ਾਸਤ ਕਰ ਦਿੱਤਾ ਗਿਆ। ਹੋਰ ਮੀਡੀਆ ਅਦਾਰਿਆਂ ਨੇ ਇਸ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਦੇਸ਼ ’ਚ ਕਿਰਤ ਕਾਨੂੰਨ ਦੇ ਵਿਰੁੱਧ ਕਰਾਰ ਦਿੱਤਾ।
ਇਸ ਦਰਮਿਆਨ ਅਮਰੀਕੀ ਸਮਾਚਾਰ ਸੰਗਠਨ ਦੇ ਇਕ ਗਠਜੋੜ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਤੀਨਿਧੀ ਸਭਾ ਦੇ ਆਗੂਆਂ ਨੂੰ ਦੋ ਵੱਖ-ਵੱਖ ਚਿੱਠੀਆਂ ਲਿਖੀਆਂ ਹਨ, ਜਿਸ ’ਚ ਉਨ੍ਹਾਂ ਤੋਂ ਅਫ਼ਗਾਨ ਪੱਤਰਕਾਰਾਂ ਅਤੇ ਸਹਿਯੋਗੀ ਕਾਮਿਆਂ ਨੂੰ ਵਿਸ਼ੇਸ਼ ਇੰਮੀਗ੍ਰੇਸ਼ਨ ਵੀਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ।

Share