ਅਫਗਾਨਿਸਤਾਨ ’ਚ ਲੜਕੀਆਂ ਦੇ ਸਕੂਲ ਬੰਦ ਹੋਣ ’ਤੇ ਅਮਰੀਕਾ ਨੇ ਵੀ ਜਤਾਈ ਨਾਰਾਜ਼ਗੀ

210
Share

-ਤਾਲਿਬਾਨ ਨਾਲ ਸਾਰੀਆਂ ਮੀਟਿੰਗਾਂ ਰੱਦ
ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਅਫਗਾਨਿਸਤਾਨ ’ਚ ਲੜਕੀਆਂ ਦੇ ਸਕੂਲ ਬੰਦ ਹੋਣ ’ਤੇ ਅਮਰੀਕਾ ਨੇ ਵੀ ਨਾਰਾਜ਼ਗੀ ਜਤਾਈ ਹੈ। ਇਸ ਕਾਰਨ ਅਮਰੀਕਾ ਨੇ ਦੋਹਾ ’ਚ ਤਾਲਿਬਾਨ ਨਾਲ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਲਾਮਿਕ ਸ਼ਾਸਨ ਵੱਲੋਂ ਲੜਕੀਆਂ ਦੇ ਸੈਕੰਡਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਦੋਹਾ ਵਿਚ ਤਾਲਿਬਾਨ ਨਾਲ ਯੋਜਨਾਬੱਧ ਮੀਟਿੰਗਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਲੜਕੀਆਂ ਲਈ ਸੈਕੰਡਰੀ ਸਕੂਲ ਬੰਦ ਕਰਨ ਲਈ ਤਾਲਿਬਾਨ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਪਾਬੰਦੀ ਦੇ ਸਮਰਥਨ ਵਿਚ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ। ਬਲਿੰਕਨ ਨੇ ਕਿਹਾ, ‘ਸਿੱਖਿਆ ਮਨੁੱਖੀ ਅਧਿਕਾਰ ਹੈ। ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਕੁੜੀਆਂ ਨੂੰ ਹਰ ਪੱਧਰ ਦੀ ਸਿੱਖਿਆ ਦਿੱਤੀ ਜਾਵੇਗੀ। ਉਹ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਗਿਆ ਹੈ। ਲੜਕੀਆਂ ਅਤੇ ਔਰਤਾਂ ਸੈਕੰਡਰੀ ਸਕੂਲਾਂ ਵਿਚ ਪਹੁੰਚ ਰਹੀਆਂ ਹਨ ਅਤੇ ਉਨ੍ਹਾਂ ਨੂੰ ਅਗਲੇ ਨੋਟਿਸ ਤੱਕ ਸਕੂਲ ਨਾ ਆਉਣ ਲਈ ਕਹਿ ਕੇ ਵਾਪਸ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ, ਜਿਹੜੇ ਸਿੱਖਿਆ ਨੂੰ ਅਫ਼ਗਾਨਿਸਤਾਨ ਦੀ ਤਰੱਕੀ ਅਤੇ ਸੰਪਨਤਾ ਦਾ ਜ਼ਰੀਆ ਮੰਨਦੇ ਹਨ।
ਅਫਗਾਨਿਸਤਾਨ ਦੇ ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਮੰਤਰਾਲੇ ਦੇ 16 ਡਾਇਰੈਕਟਰਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਧਾਰਮਿਕ ਸਿੱਖਿਆ ਲੈਣ ਵਾਲਿਆਂ ਨੇ ਲੈ ਲਈ ਹੈ। ਇਕ ਰਿਪੋਰਟ ਮੁਤਾਬਕ ਬਰਖਾਸਤ ਕੀਤੇ ਗਏ ਸਾਰੇ 16 ਡਾਇਰੈਕਟਰਾਂ ਕੋਲ ਮਾਸਟਰ ਜਾਂ ਬੈਚਲਰ ਡਿਗਰੀ ਹੈ। ਤਾਲਿਬਾਨ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੀ ਥਾਂ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਨੂੰ ਲੈ ਲਿਆ ਹੈ, ਜਿਨ੍ਹਾਂ ਕੋਲ ਕੋਈ ਡਿਗਰੀ ਹੈ। ਇਸ ਦੌਰਾਨ, ਸਥਾਨਕ ਮੀਡੀਆ ਦੇ ਅਨੁਸਾਰ, ਤਾਲਿਬਾਨ ਨੇ ਪਕਤੀਆ ਸੂਬਾਈ ਪੁਲਿਸ ਦੇ ਸਾਬਕਾ ਉਪ ਮੁਖੀ ਮੁਹੰਮਦ ਚਾਰਗੰਦ ਜ਼ਦਰਾਨ ਨੂੰ ਗਿ੍ਰਫਤਾਰ ਕਰ ਲਿਆ ਹੈ।

Share