ਅਫਗਾਨਿਸਤਾਨ ’ਚੋਂ ਫੌਜਾਂ ਕੱਢਣ ਦਾ ਫੈਸਲਾ ਦਰੁੱਸਤ ਸੀ : ਜੋਅ ਬਾਇਡਨ

393
Share

* ਅਫਗਾਨਿਸਤਾਨ ’ਚ ਅਮਰੀਕੀ ਫੌਜੀ ਦਖਲ ਖਤਮ ਕਰਨ ਦਾ ਵਾਅਦਾ ਪੂਰਾ ਕੀਤਾ
ਸੈਕਰਾਮੈਂਟੋ, 17 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਤਾਲਿਬਾਨ ਦੇ ਅਫਗਾਨਿਸਤਾਨ ਉਪਰ ਹੋਏ ਮੁੜ ਕਬਜ਼ੇ ਨੂੰ ਲੈ ਕੇ ਹੋ ਰਹੀ ਆਲੋਚਨਾ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਦਾ ਨਿਰਣਾ ਦਰੁੱਸਤ ਸੀ। ਉਨ੍ਹਾਂ ਨੇ ਵਾਈਟ ਹਾਊਸ ’ਚ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੇ ਫੈਸਲੇ ਉਪਰ ਦਿ੍ਰੜ੍ਹਤਾ ਨਾਲ ਕਾਇਮ ਹਾਂ ਪਰੰਤੂ ਤਾਲਿਬਾਨ ਨੇ ਜਿਸ ਤੇਜ਼ੀ ਨਾਲ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ, ਇਸ ਦੀ ਆਸ ਨਹੀਂ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਸ਼ਰਫ ਗਨੀ ਸਮੇਤ ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਅਫਗਾਨ ਫੋਰਸਾਂ ਬਾਗੀਆਂ ਨਾਲ ਲੋਹਾ ਲੈਣ ਦੇ ਸਮਰੱਥ ਹਨ ਪਰ ਸੱਚਾਈ ਇਹ ਹੈ ਕਿ ਆਸ ਨਾਲੋਂ ਕਈ ਗੁਣਾਂ ਤੇਜ਼ੀ ਨਾਲ ਤਾਲਿਬਾਨ ਨੇ ਅਫਗਾਨ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ। ਆਪਣੇ ਕੋਲੋਂ ਹੋਈ ਕੋਈ ਗਲਤੀ ਦਾ ਜ਼ਿਕਰ ਕੀਤੇ ਬਿਨਾਂ ਰਾਸ਼ਟਰਪਤੀ ਨੇ ਕਿਹਾ ਕਿ ਫੌਜਾਂ ਕੱਢਣ ਦਾ ਕੰਮ ਸੁਖਾਲਾ ਨਹੀਂ ਰਿਹਾ ਪਰੰਤੂ ਉਹ ਆਪਣੀ ਚੋਣ ਮੁਹਿੰਮ ਵੇਲੇ ਕੀਤੇ ਪ੍ਰਣ ਕਿ ਅਫਗਾਨਿਸਤਾਨ ’ਚ ਅਮਰੀਕੀ ਫੌਜ ਦਾ ਦਖਲ ਸਮਾਪਤ ਹੋ ਜਾਵੇਗਾ, ਉਪਰ ਕਾਇਮ ਰਹੇ ਹਨ। ਆਪਣੇ ਸੰਬੋਧਨ ਉਪਰੰਤ ਰਾਸ਼ਟਰਪਤੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਤੇ ਉਹ ਕਾਹਲੀ ਨਾਲ ਵਾਪਸ ਚਲੇ ਗਏ। ਤਾਲਿਬਾਨ ਦੇ ਮੁੜ ਸੱਤਾ ਉਪਰ ਕਾਬਜ਼ ਹੋਣ ਉਪਰੰਤ ਰਾਸ਼ਟਰਪਤੀ ਦਾ ਇਹ ਪਹਿਲਾ ਜਨਤਕ ਬਿਆਨ ਸੀ। ਇਥੇ ਜ਼ਿਕਰਯੋਗ ਹੈ ਕਿ ਮਾਹਿਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਅਮਰੀਕੀ ਫੌਜਾਂ ਕੱਢਣ ਉਪਰੰਤ ਅਫਗਾਨਿਸਤਾਨ ਵਿਚ ਹਾਲਾਤ ਵਿਗੜ ਸਕਦੇ ਹਨ ਪਰੰਤੂ ਰਾਸ਼ਟਰਪਤੀ ਨੇ ਕਿਹਾ ਸੀ ਕਿ ਅਫਗਾਨੀ ਫੋਰਸਾਂ ਤਾਲਿਬਾਨ ਦਾ ਮੁਕਾਬਲਾ ਕਰਨ ਤੇ ਅਫਗਾਨਿਸਤਾਨ ਦੀ ਰੱਖਿਆ ਕਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਸੀ ਕਿ ਅਫਗਾਨਿਸਤਾਨੀ ਫੋਰਸਾਂ ਨੂੰ ਬਾਗੀਆਂ ਦਾ ਮੁਕਾਬਲਾ ਕਰਨ ਵਾਸਤੇ ਬਕਾਇਦਾ ਸਿਖਲਾਈ ਦਿੱਤੀ ਗਈ ਹੈ ਪਰੰਤੂ ਹਕੀਕਤ ਵਿਚ ਅਜਿਹਾ ਕੁਝ ਵੀ ਨਹੀਂ ਦੇਖਣ ਨੂੰ ਨਜ਼ਰ ਆਇਆ ਤੇ ਤਾਲਿਬਾਨ ਅੱਗੇ ਅਫਗਾਨੀ ਫੋਰਸਾਂ ਬਹੁਤ ਬੌਣੀਆਂ ਸਾਬਤ ਹੋਈਆਂ ਹਨ।

Share