ਅਫਗਾਨਿਸਤਾਨੀ ਬੱਚਿਆਂ ਦੇ ਹਾਲਾਤ ’ਤੇ ਯੂਨੀਸੇਫ ਨੇ ਜਤਾਈ ਚਿੰਤਾ

457
Share

6 ਮਹੀਨਿਆਂ ’ਚ ਲਗਾਤਾਰ ਹੋਈ ਹਿੰਸਾ ’ਚ 460 ਬੱਚਿਆਂ ਦੀ ਹੋਈ ਮੌਤ : ਰਿਪੋਰਟ
ਕਾਬੁਲ, 7 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ’ਚ ਸਾਲ 2021 ਦੇ ਪਹਿਲੇ ਛੇ ਮਹੀਨਿਆਂ ਵਿਚ ਲਗਾਤਾਰ ਹੋਈ ਹਿੰਸਾ ਕਾਰਨ ਘੱਟੋ-ਘੱਟ 460 ਬੱਚੇ ਮਾਰੇ ਗਏ। ਰਿਪੋਰਟ ਵਿਚ ਚਾਰ ਕੁੜੀਆਂ ਅਤੇ ਦੋ ਮੁੰਡਿਆਂ ਸਮੇਤ ਇੱਕ ਪਰਿਵਾਰ ਦੇ ਨੌਂ ਮੈਂਬਰਾਂ ਦੇ ਮਾਰੇ ਜਾਣ ਦਾ ਵੀ ਜ਼ਿਕਰ ਹੈ, ਜੋ ਵੀਰਵਾਰ ਦੇ ਧਮਾਕੇ ਦੌਰਾਨ ਮਾਰੇ ਗਏ ਸਨ। ਇਸ ਧਮਾਕੇ ’ਚ ਤਿੰਨ ਹੋਰ ਬੱਚੇ ਵੀ ਜ਼ਖਮੀ ਹੋਏ ਸਨ।
ਰਿਪੋਰਟ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਚਾਰ ਦਹਾਕਿਆਂ ਦੇ ਸੰਘਰਸ਼ ਨੇ ਅਫਗਾਨਿਸਤਾਨ ਵਿਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਨੰਗਰਹਾਰ ’ਚ ਸੰਘਰਸ਼ ਦੌਰਾਨ ਆਪਣੀ ਲੱਤ ਗਵਾਉਣ ਵਾਲੇ ਹਿਬਤੁੱਲਾ ਨਾਂ ਦੇ 6 ਸਾਲਾ ਮੁੰਡੇ ਨੇ ਕਿਹਾ ਕਿ ਉਹ ਹੁਣ ਨਕਲੀ ਲੱਤ ’ਤੇ ਨਿਰਭਰ ਹੈ। ਹੇਬਤੁੱਲਾ ਦੇ ਪਿਤਾ ਅਬਦੁੱਲਾ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਨੰਗਰਹਾਰ ਵਿਚ ਝੜਪ ਵਿਚ ਗੋਲੀ ਮਾਰ ਦਿੱਤੀ ਗਈ ਸੀ। ਉਹ ਲੰਬੇ ਸਮੇਂ ਤੱਕ ਹਸਪਤਾਲ ਵਿਚ ਦਾਖਲ ਰਿਹਾ ਅਤੇ ਫਿਰ ਉਸ ਦੀ ਲੱਤ ਕੱਟ ਦਿੱਤੀ ਗਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਨਿਰਾਸ਼ਾ ਵਿਚ ਡੁੱਬ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਹੁਣ ਰੈੱਡ ਕਰਾਸ ਦੁਆਰਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਉਸ ਲਈ ਨਕਲੀ ਲੱਤ ਬਣਾਈ ਹੈ।
ਨੰਗਰਹਾਰ ਦੇ ਰਹਿਣ ਵਾਲੇ ਥੈਰੇਪਿਸਟ ਮੁਹੰਮਦ ਫਹੀਮ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਰੋਜ਼ ਲਿਆਂਦੇ ਜਾਣ ਵਾਲੇ 15 ਵਿਚੋਂ 10 ਬੱਚੇ ‘ਬ੍ਰੇਨ ਫ੍ਰੀਜ਼’ ਨਾਲ ਪੀੜਤ ਹਨ। ਉਨ੍ਹਾਂ ਸਥਿਤੀ ਨੂੰ ਬਹੁਤ ਖ਼ਤਰਨਾਕ ਦੱਸਿਆ ਅਤੇ ਅਜਿਹੀਆਂ ਘਟਨਾਵਾਂ ਲਈ ਜੰਗ ਨੂੰ ਜ਼ਿੰਮੇਵਾਰ ਠਹਿਰਾਇਆ। ਯੂਨੀਸੇਫ ਨੇ ਵੀ ਅਫਗਾਨ ਬੱਚਿਆਂ ਦੀ ਹਾਲਤ ’ਤੇ ਚਿੰਤਾ ਜ਼ਾਹਰ ਕੀਤੀ ਹੈ। ਯੂਨੀਸੇਫ ਦੀ ਸੰਚਾਰ ਮੁਖੀ ਸਾਮੰਥਾ ਮੋਰਟ ਨੇ ਕਿਹਾ, ‘‘ਅਸੀਂ ਇਸ ਸਾਲ ਹੁਣ ਤੱਕ ਵਿਸਫੋਟਕ ਉਪਕਰਨਾਂ ਨਾਲ ਮਾਰੇ ਗਏ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਵੀ ਚਿੰਤਤ ਹਾਂ। ਇਕ ਵੀ ਬੱਚੇ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਹੈ।’’ ਯੂਨੀਸੇਫ ਮੁਤਾਬਕ ਅਫਗਾਨ ਬੱਚੇ ਸਾਲਾਂ ਤੋਂ ਗਰੀਬੀ ਅਤੇ ਕੁਪੋਸ਼ਣ ਨਾਲ ਜੂਝ ਰਹੇ ਹਨ।

Share