ਅਪਰੈਲ ਨੂੰ ਸਿੱਖ ਵਿਰਾਸਤ ਮਹੀਨਾ ਐਲਾਨ ਕੇ ਬੀ.ਸੀ. ਸਰਕਾਰ ਨੇ ਸਿੱਖਾਂ ਦਾ ਮਾਣ ਵਧਾਇਆ-ਬਲਵੰਤ ਸੰਘੇੜਾ

226
Share

ਅਪਰੈਲ ਨੂੰ ਸਿੱਖ ਵਿਰਾਸਤ ਮਹੀਨਾ ਐਲਾਨ ਕੇ ਬੀ.ਸੀ. ਸਰਕਾਰ ਨੇ ਸਿੱਖਾਂ ਦਾ ਮਾਣ ਵਧਾਇਆ-ਬਲਵੰਤ ਸੰਘੇੜਾ
ਸਰੀ, 9 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਬੀ.ਸੀ. ਸਰਕਾਰ ਵੱਲੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨਾ ਐਲਾਨ ਕਰਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਵਿਸਾਖੀ ਦਾ ਤਿਉਹਾਰ ਸਮੁੱਚੀ ਸਾਊਥ ਏਸ਼ੀਅਨ ਕਮਿਊਨਿਟੀ ਲਈ ਬਹੁਤ ਹੀ ਖੁਸ਼ੀਆਂ ਭਰਿਆ ਤਿਓਹਾਰ ਹੈ। ਇਸ ਦਿਨ 1699 ਵਿਚ ਸਿੱਖਾਂ ਦੇ ਦਸਮ ਗਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਕ ਨਵਾਂ ਇਤਿਹਾਸ ਰਚਿਆ ਸੀ। ਅੱਜ ਸਾਰੀ ਦੁਨੀਆ ਵਿਚ ਖਾਲਸੇ ਦਾ ਬੋਲਬਾਲਾ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀ.ਸੀ. ਸਰਕਾਰ ਨੇ ਅਪਰੈਲ ਨੂੰ ਸਿੱਖ ਹੈਰੀਟੇਜ (ਵਿਰਸਾ) ਮਹੀਨਾ ਐਲਾਨ ਕੇ ਕੈਨੇਡਾ ਵਿਚ ਵਸਦੇ ਦਸ ਲੱਖ ਦੇ ਕਰੀਬ ਸਿੱਖਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਗਵਾਂਢੀ ਦੇਸ਼ ਅਮਰੀਕਾ ਦੀ ਸੈਨੇਟ ਵਿਚ ਵੀ ਵਿਸਾਖੀ ਵਾਲੇ ਦਿਨ ਨੂੰ ਨੈਸ਼ਨਲ ਸਿੱਖ ਹੈਰੀਟੇਜ ਦਿਨ ਵਜੋਂ ਮਾਣਤਾ ਦੁਆਉਣ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹੋ ਜਿਹੇ ਉਪਰਾਲੇ ਸਿੱਖ ਕਮਿਊਨਿਟੀ ਲਈ ਬਹੁਤ ਹੀ ਮਹੱਤਵਪੂਰਨ ਹਨ। ਸਿੱਖ ਕਮਿਊਨਿਟੀ ਇਕ ਬਹੁਤ ਹੀ ਮਿਹਨਤੀ,ਦਾਨੀ ਅਤੇ ਖੁੱਲ੍ਹੇ ਦਿਲ ਵਾਲੀ ਕਮਿਊਨਿਟੀ ਹੈ। ਲੋਕ ਸੇਵਾ ਲਈ ਤਾਂ ਇਹ ਸਭ ਤੋਂ ਅੱਗੇ ਹੈ। ਵਿਸਾਖੀ ਅਤੇ ਖਾਲਸਾ ਸਿਰਜਣਾ ਵਰਗੇ ਦਿਨ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਹੋਰ ਕਮਿਊਨਿਟੀਆਂ ਲਈ ਵੀ ਦੁਨੀਆ ਭਰ ਵਿਚ ਮਹੱਤਵਪੂਰਨ ਬਣ ਗਏ ਹਨ।
ਉਨ੍ਹਾਂ ਦੱਸਿਆ ਕਿ ਬਾਕੀ ਥਾਵਾਂ ਦੀ ਤਰ੍ਹਾਂ ਮੈਟਰੋ ਵੈਨਕੂਵਰ ਵਿਚ ਵੀ ਇਹ ਖਾਸ ਦਿਹਾੜਾ ਬਹੁਤ ਹੀ ਪਿਆਰ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ,8600 ਨੰਬਰ ਪੰਜ ਰੋਡ ਰਿਚਮੰਡ ਵਿਖੇ ਵੀ ਸੰਗਤ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਅਤੇ ਖਾਲਸੇ ਦਾ ਸਿਰਜਣਾ ਦਿਵਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਿਲਸਲੇ ਵਿਚ 12 ਅਪਰੈਲ ਦਿਨ ਮੰਗਲਵਾਰ ਸ਼ਾਮ ਦੇ ਛੇ ਵਜੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, 13 ਅਪਰੈਲ ਨੂੰ ਸ਼ਾਮ ਪੰਜ ਵਜੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਵੇਗਾ ਅਤੇ 14 ਅਪਰੈਲ ਨੂੰ ਸ਼ਾਮ ਦੇ ਛੇ ਵਜੇ ਭੋਗ ਉਪਰੰਤ ਕੀਰਤਨੀ ਦੀਵਾਨ ਸਜਣਗੇ। ਇਸ ਉਪਰੰਤ ਵਿਦਵਾਨ ਸੱਜਣਾ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਸਬੰਧੀ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਗੁਰੂ ਘਰ ਵਿਖੇ ਆ ਕੇ ਅਨੰਦ ਮਾਨਣ ਦਾ ਸੱਦਾ ਦਿੱਤਾ ਹੈ।
ਸ. ਸੰਘੇੜਾ ਨੇ ਕਿਹਾ ਕਿ ਯੂਕਰੇਨ ਦੀ ਤਬਾਹੀ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ। ਹਰ ਪਾਸਿੳਂ ਉਹਨਾਂ ਦੀ ਮਦਦ ਲਈ ਉਪਰਾਲੇ ਹੋ ਰਹੇ ਹਨ। ਇਸ ਸਿਲਸਿਲੇ ਵਿਚ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ ਵਿਖੇ ਯੂਕਰੇਨ ਰਲੀਫ ਫੰਡ ਲਈ ਮਾਇਆ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਆ ਕੇ ਇਸ ਸ਼ੁਭ ਕਾਰਜ ਵਿਚ ਯੋਗਦਾਨ ਪਾਇਆ ਜਾਵੇ।

 


Share