ਅਦਾਲਤ ਵੱਲੋਂ ਧਰਮਸੋਤ ਦੀ ਨਿਆਇਕ ਹਿਰਾਸਤ ’ਚ 11 ਜੁਲਾਈ ਤੱਕ ਦਾ ਵਾਧਾ

39
ਮੁਹਾਲੀ ਦੀ ਅਦਾਲਤ ’ਚ ਪੇਸ਼ੀ ਭੁਗਤਣ ਉਪਰੰਤ ਪੁਲਿਸ ਸਾਧੂ ਸਿੰਘ ਧਰਮੋਸਤ ਤੇ ਹੋਰਨਾਂ ਮੁਲਜ਼ਮਾਂ ਨੂੰ ਲੈ ਕੇ ਜਾਂਦੀ ਹੋਈ।
Share

-ਆਮ ਹਵਾਲਾਤੀਆਂ ਦੇ ਨਾਲ ਸਰਕਾਰੀ ਗੱਡੀ ’ਚ ਲਿਆਂਦਾ ਗਿਆ ਅਦਾਲਤ ’ਚ
ਐੱਸ.ਏ.ਐੱਸ. ਨਗਰ, 28 ਜੂਨ (ਪੰਜਾਬ ਮੇਲ)-ਖੈਰ ਦੇ ਦਰੱਖ਼ਤਾਂ ਦੀ ਕਟਾਈ ਲਈ ਰਿਸ਼ਵਤ ਲੈਣ, ਬਦਲੀਆਂ ਕਰਨ ਲਈ ਰਿਸ਼ਵਤ ਲੈਣ ਅਤੇ ਬੂਟੇ ਲਗਾਉਣ ਦੌਰਾਨ ਘਪਲਾ ਕਰਨ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਸ ਦੇ ਓ.ਐੱਸ.ਡੀ. ਚਮਕੌਰ ਸਿੰਘ ਅਤੇ ਖੰਨਾ ਦੇ ਇਕ ਪੱਤਰਕਾਰ ਕਮਲਜੀਤ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਸੋਨਾਲੀ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਮੌਕੇ ਅਦਾਲਤ ਵਲੋਂ ਸਾਧੂ ਸਿੰਘ ਧਰਮਸੋਤ ਸਮੇਤ ਤਿੰਨਾਂ ਮੁਲਜ਼ਮਾਂ ਦੀ ਨਿਆਇਕ ਹਿਰਾਸਤ ’ਚ 11 ਜੁਲਾਈ ਤੱਕ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਪਟਿਆਲਾ ਅਤੇ ਰੂਪਨਗਰ ਜੇਲ੍ਹ ਭੇਜ ਦਿੱਤਾ ਗਿਆ। ਅਦਾਲਤ ਨੇ 11 ਜੁਲਾਈ ਨੂੰ ਧਰਮਸੋਤ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ੀ ਭੁਗਤਣ ਦੇ ਹੁਕਮ ਵੀ ਦਿੱਤੇ ਹਨ। ਵਿਜੀਲੈਂਸ ਵਲੋਂ ਇਸ ਮਾਮਲੇ ’ਚ ਸਾਧੂ ਸਿੰਘ ਧਰਮਸੋਤ ਅਤੇ ਡੀ.ਐੱਫ.ਓ. ਗੁਰਅਮਨਪ੍ਰੀਤ ਸਿੰਘ ਸਮੇਤ 4 ਮੁਲਜ਼ਮਾਂ ਦੀ ਗਿ੍ਰਫ਼ਤਾਰੀ ਪਾਈ ਗਈ ਹੈ, ਜਦਕਿ ਚੰਨੀ ਸਰਕਾਰ ਸਮੇਂ ਜੰਗਲਾਤ ਮੰਤਰੀ ਰਹਿ ਚੁੱਕੇ ਸੰਗਤ ਸਿੰਘ ਗਿਲਜੀਆਂ, ਵਿਭਾਗ ਦੇ ਆਈ.ਐੱਫ.ਐੱਸ. ਅਫ਼ਸਰ ਅਮਿਤ ਚੌਹਾਨ, ਕੁਲਵਿੰਦਰ ਸਿੰਘ ਸ਼ੇਰਗਿੱਲ ਓ.ਐੱਸ.ਡੀ. ਗਿਲਜੀਆਂ, ਦਿਲਪ੍ਰੀਤ ਸਿੰਘ ਵਣ ਗਾਰਡ ਅਤੇ ਸਚਿਨ ਕੁਮਾਰ ਹਾਲੇ ਵੀ ਫ਼ਰਾਰ ਦੱਸੇ ਜਾ ਰਹੇ ਹਨ।
ਸਾਧੂ ਸਿੰਘ ਧਰਮਸੋਤ ਨੂੰ ਪੁਲਿਸ ਵਲੋਂ ਅੱਜ ਆਮ ਹਵਾਲਾਤੀਆਂ ਦੇ ਨਾਲ ਸਰਕਾਰੀ ਗੱਡੀ ਵਿਚ ਪਟਿਆਲਾ ਜੇਲ੍ਹ ਤੋਂ ਮੁਹਾਲੀ ਦੀ ਅਦਾਲਤ ਵਿਚ ਲਿਆਂਦਾ ਗਿਆ। ਆਮ ਹਵਾਲਾਤੀਆਂ ਦੇ ਨਾਲ ਲਿਆਉਣ ਦੇ ਕਾਰਨ ਹੀ ਸਾਧੂ ਸਿੰਘ ਧਰਮਸੋਤ ਕੁਝ ਪ੍ਰੇਸ਼ਾਨ ਦਿਖੇ ਅਤੇ ਪੱਤਕਾਰਾਂ ਵਲੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਅਦਾਲਤੀ ਕੰਪਲੈਕਸ ਦੇ ਅੰਦਰ ਚਲੇ ਗਏ। ਅਦਾਲਤੀ ਕੰਪਲੈਕਸ ਦੇ ਅੰਦਰ ਜਿੱਥੇ ਪੁਲਿਸ ਨੇ ਧਰਮਸੋਤ ਦੀ ਪੇਸ਼ੀ ਭੁਗਤਣ ਤੱਕ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹੋਏ ਸਨ, ਉਥੇ ਹੀ ਧਰਮਸੋਤ ਨੂੰ ਮਿਲਣ ਵਾਲੇ ਵੀ ਵੱਡੀ ਤਾਦਾਦ ’ਚ ਪਹੁੰਚੇ ਹੋਏ ਸਨ। ਪੁਲਿਸ ਬਾਕੀ ਹਵਾਲਾਤੀਆਂ ਨੂੰ ਪੇਸ਼ੀ ਭੁਗਤਾਉਣ ਤੋਂ ਬਾਅਦ ਸਰਕਾਰੀ ਗੱਡੀ ਰਾਹੀਂ ਧਰਮਸੋਤ ਨੂੰ ਲੈ ਕੇ ਪਟਿਆਲਾ ਜੇਲ੍ਹ ਲਈ ਰਵਾਨਾ ਹੋ ਗਈ।

Share