ਅਦਾਲਤ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ 5 ਬਰੀ

25
Share

* 2019 ‘ਚ ਦਰਜ ਹੋਇਆ ਸੀ ਕਾਰ ‘ਚੋਂ ਭਾਰੀ ਹਥਿਆਰ ਬਰਾਮਦ ਹੋਣ ਦਾ ਮਾਮਲਾ
ਗੁਰਦਾਸਪੁਰ, 12 ਮਈ (ਪੰਜਾਬ ਮੇਲ)-ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਵੱਲੋਂ ਸਾਲ 2019 ਵਿਚ ਇਕ ਕਾਰ ਵਿਚੋਂ ਭਾਰੀ ਮਾਤਰਾ ਵਿਚ ਬਰਾਮਦ ਹੋਏ ਹਥਿਆਰਾਂ ਦੇ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਸਮੇਤ 5 ਨੂੰ ਬਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 28 ਮਈ, 2019 ਨੂੰ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਵੱਲੋਂ ਸ਼ੁੱਭਮ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਫਰੈਂਡਜ਼ ਕਾਲੋਨੀ ਅੰਮ੍ਰਿਤਸਰ ਤੇ ਮਨਪ੍ਰੀਤ ਸਿੰਘ ਉਰਫ਼ ਮੰਨ ਪੁੱਤਰ ਗੁਰਮੇਜ ਸਿੰਘ ਵਾਸੀ ਵਲੀਪੁਰ ਤਰਨ ਤਾਰਨ ਉਪਰ ਇਹ ਮਾਮਲਾ ਦਰਜ ਕੀਤਾ ਸੀ ਕਿ ਉਕਤ ਦੋਵਾਂ ਦੀ ਕਾਰ ਵਿਚੋਂ ਭਾਰੀ ਅਸਲਾ ਬਰਾਮਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼ੁੱਭਮ ਦੇ ਬਿਆਨਾਂ ‘ਤੇ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਗਵਾਨਪੁਰਾ, ਜਗਮੀਤ ਸਿੰਘ ਉਰਫ਼ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਅਜੈਬ ਸਿੰਘ ਵਾਸੀ ਭਾਗੋਵਾਲ, ਵਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਕਿਲਾ ਲਾਲ ਸਿੰਘ ਅਤੇ ਜਰਮਨ ਸਿੰਘ ਦਾ ਨਾਂ ਵੀ ਇਸ ਮਾਮਲੇ ਵਿਚ ਜੋੜ ਦਿੱਤਾ ਗਿਆ। ਉਕਤ 6 ਵਿਚੋਂ 5 ਪੁਲਿਸ ਦੀ ਹਿਰਾਸਤ ਵਿਚ ਹਨ, ਜਦੋਂ ਕਿ ਜਰਮਨ ਭਗੌੜਾ ਹੈ।


Share