ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਤੇ ਬੱਚਿਆਂ ਸਮੇਤ 6 ਪਰਿਵਾਰਕ ਮੈਂਬਰ ਕਰੋਨਾ ਪਾਜ਼ੀਟਿਵ

83
Share

ਮੁੰਬਈ, 7 ਮਈ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ, ਪੁੱਤਰ ਵਿਆਨ ਰਾਜ ਤੇ ਧੀ ਸਮੀਸ਼ਾ ਸਣੇ ਉਸ ਦੇ ਪਰਿਵਾਰ ਦੇ 6 ਮੈਂਬਰਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਦਾਕਾਰ ਨੇ ਇਹ ਜਾਣਕਾਰੀ ਅੱਜ ਆਪਣੇ ਇੰਸਟਾਗ੍ਰਾਮ ਪੇਜ ’ਤੇ ਪੋਸਟ ਸਾਂਝੀ ਕਰ ਕੇ ਦਿੱਤੀ। 45 ਸਾਲਾ ਸ਼ਿਲਪਾ ਨੇ ਕਿਹਾ ਕਿ ਉਸ ਦੇ ਸੱਸ-ਸਹੁਰਾ ਤੇ ਮਾਂ ਵੀ ਕਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਸ਼ਿਲਪਾ ਸ਼ੈਟੀ ਨੇ ਕਿਹਾ, ‘‘ਪਿਛਲੇ ਦਸ ਦਿਨ ਸਾਡੇ ਪਰਿਵਾਰ ਲਈ ਕਾਫੀ ਮੁਸ਼ਕਿਲ ਭਰੇ ਰਹੇ। ਮੇਰੇ ਸੱਸ-ਸਹੁਰੇ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਈ। ਉਪਰੰਤ ਸਮੀਸ਼ਾ, ਵਿਆਨ ਰਾਜ, ਮੇਰੀ ਮਾਂ ਤੇ ਅਖ਼ੀਰ ਵਿਚ ਰਾਜ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ। ਉਹ ਆਪੋ-ਆਪਣੇ ਕਮਰਿਆਂ ਵਿਚ ਇਕਾਂਤਵਾਸ ਹਨ ਅਤੇ ਡਾਕਟਰਾਂ ਨਾਲ ਸਮੇਂ-ਸਮੇਂ ’ਤੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।’’ ਉਸ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਦਾਕਾਰਾ ਦੇ ਸਟਾਫ਼ ਦੇ ਦੋ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਿਨ੍ਹਾਂ ਦਾ ਇਕ ਸਿਹਤ ਕੇਂਦਰ ਵਿਚ ਇਲਾਜ ਹੋ ਰਿਹਾ ਹੈ। ਅਦਾਕਾਰਾ ਦੀ ਖ਼ੁਦ ਦੀ ਰਿਪੋਰਟ ਨੈਗੇਟਿਵ ਆਈ ਹੈ।

Share