ਅਟਲਾਂਟਾ ’ਚ ਭਿ੍ਰਸ਼ਟਾਚਾਰ ਦੀ ਜਾਂਚ ਦੇ ਚਲਦਿਆਂ ਜੇਲ੍ਹ ਬੰਦ ਹੋਣ ਕਿਨਾਰੇ

260
Share

ਫਰਿਜ਼ਨੋ, 24 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਭਿ੍ਰਸ਼ਟਾਚਾਰ ਨਾਮ ਦੀ ਬਿਮਾਰੀ ਦੁਨੀਆਂ ਦੇ ਹਰ ਇੱਕ ਕੋਨੇ ਵਿਚ ਆਪਣੇ ਪੈਰ ਪਸਾਰ ਰਹੀ ਹੈ। ਅਮਰੀਕਾ ਵੀ ਭਿ੍ਰਸ਼ਟਾਚਾਰ ਤੋਂ ਬਚ ਨਹੀਂ ਸਕਿਆ ਹੈ। ਅਮਰੀਕਾ ਦੇ ਐਟਲਾਂਟਾ ਸਥਿਤ ਇੱਕ ਜੇਲ੍ਹ ਇਸਦੀ ਉਦਾਹਰਣ ਹੈ।
ਇੱਕ ਰਿਪੋਰਟ ਦੇ ਅਨੁਸਾਰ, ਭਿ੍ਰਸ਼ਟਾਚਾਰ ਅਤੇ ਢਿੱਲੀ ਸੁਰੱਖਿਆ ਦੀ ਜਾਂਚ ਦੇ ਮੱਦੇਨਜ਼ਰ ਇੱਕ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੀ ਗਿਣਤੀ ਨੂੰ ਬਿਲਕੁੱਲ ਘਟਾ ਦਿੱਤਾ ਗਿਆ ਹੈ ਅਤੇ ਇਹ ਹੁਣ ਬੰਦ ਹੋਣ ਕਿਨਾਰੇ ਹੈ। ਅਟਲਾਂਟਾ ਵਿਚ ਇਸ ਯੂ.ਐੱਸ. ਜੇਲ੍ਹ ਵਿਚ ਮਾਰਚ ’ਚ 1,800 ਤੋਂ ਵੱਧ ਕੈਦੀ ਰੱਖੇ ਗਏ ਸਨ, ਪਰ ਸ਼ੁੱਕਰਵਾਰ ਤੱਕ ਇਹ ਗਿਣਤੀ ਸਿਰਫ 134 ਰਹਿ ਗਈ। ਜੇਲ੍ਹ ਸਟਾਫ ਨੂੰ ਭੇਜੇ ਗਏ ਇੱਕ ਮੀਮੋ ਦੇ ਅਨੁਸਾਰ, ਕੈਦੀਆਂ ਦੁਆਰਾ ਜੇਲ੍ਹ ਵਿਚ ਵਰਤੇ ਜਾ ਰਹੇ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਵਜ੍ਹਾ ਕਰਕੇ ਫੈਡਰਲ ਬਿਊਰੋ ਆਫ ਪਰੀਜਨ ਨੇ ਜੂਨ ਵਿਚ ਇਸ ਜੇਲ੍ਹ ਵਿਚ ਤਾਲਾਬੰਦੀ ਸ਼ੁਰੂ ਕੀਤੀ ਸੀ। ਇਸ ਸਬੰਧੀ ਇੱਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਜੇਲ੍ਹ ਵਿਚ ਫੋਨ ਫੇਸਬੁੱਕ ਲਾਈਵ ਸੈਸ਼ਨਾਂ ਤੋਂ ਲੈ ਕੇ ਬਾਹਰੀ ਦੁਨੀਆਂ ਵਿਚ ਨਸ਼ਿਆਂ ਦੀ ਤਸਕਰੀ ਤੱਕ ਹਰ ਚੀਜ਼ ਲਈ ਵਰਤੇ ਗਏ ਸਨ। ਇਸਦੇ ਇਲਾਵਾ ਕੈਦੀਆਂ ਦੁਆਰਾ ਜੇਲ੍ਹ ਤੋਂ ਆਉਣ ਅਤੇ ਜਾਣ ਲਈ ਵਾੜ ਵਿਚ ਇੱਕ ਤੋੜੇ ਗਏ ਰਸਤੇ ਦੀ ਵਰਤੋਂ ਵੀ ਕੀਤੀ ਜਾਂਦੀ ਸੀ, ਇੱਥੋਂ ਤੱਕ ਕਿ ਕੈਦੀਆਂ ਦੁਆਰਾ ਸਥਾਨਕ ਰੈਸਟੋਰੈਂਟਾਂ ਵਿਚ ਵੀ ਪਹੁੰਚ ਕੀਤੀ ਜਾਂਦੀ ਸੀ।
ਰਿਪੋਰਟਾਂ ਅਨੁਸਾਰ ਜੇਲ੍ਹ ਸਟਾਫ ਕਥਿਤ ਤੌਰ ’ਤੇ ਇਨ੍ਹਾਂ ਕਾਰਜਾਂ ਵਿਚ ਸ਼ਾਮਲ ਸੀ ਅਤੇ ਜੇਲ੍ਹ ਸਟਾਫ ਦੇ ਇੱਕ ਲੈਫਟੀਨੈਂਟ ਅਨੁਸਾਰ ਜੇਲ੍ਹ ਦੇ 20 ਤੋਂ 30 ਪ੍ਰਤੀਸ਼ਤ ਅਧਿਕਾਰੀ ਭਿ੍ਰਸ਼ਟ ਸਨ, ਜੋ ਕਿ ਅਸਵੀਕਾਰ ਯੋਗ ਹੈ।

Share