ਅਗਵਾ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛ-ਪੜਤਾਲ ਸ਼ੁਰੂ

759
Share

ਐੱਸਏਐੱਸ ਨਗਰ, 18 ਮਈ (ਪੰਜਾਬ ਮੇਲ)- ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਐਤਵਾਰ ਨੂੰ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਵਿੱਚ ਮੀਡੀਆ ਨੂੰ ਝਕਾਨੀ ਦੇ ਕੇ ਸਿੱਧਾ ਇੱਥੋਂ ਦੇ ਸੈਕਟਰ-76 ਸਥਿਤ ਐਸਐਸਪੀ ਦਫ਼ਤਰ ਵਿੱਚ ਪਹੁੰਚ ਗਏ, ਜਦੋਂਕਿ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ ਥਾਣੇ ਵਿੱਚ ਪੇਸ਼ ਹੋਣਾ ਬਣਦਾ ਹੈ।
ਟਰਾਈਸਿਟੀ ਦਾ ਸਾਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਵੇਰੇ 10 ਵਜੇ ਤੋਂ ਹੀ ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਧੁੱਪ ਵਿੱਚ ਖੜਾ ਸੀ। ਪਹਿਲਾਂ ਸਵੇਰੇ 10 ਵਜੇ, ਫਿਰ ਦੁਪਹਿਰ ਬਾਅਦ ਦੁਪਹਿਰ 1 ਵਜੇ ਅਤੇ ਬਾਅਦ ਵਿੱਚ ਬਾਅਦ ਦੁਪਹਿਰ ਤਿੰਨ ਵਜੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ। ਇਸ ਮਗਰੋਂ ਸੈਣੀ ਦੇ ਸ਼ਾਮ ਚਾਰ ਵਜੇ ਥਾਣੇ ਪਹੁੰਚਣ ਬਾਰੇ ਕਿਹਾ ਗਿਆ ਪਰ ਸਾਢੇ ਤਿੰਨ ਵਜੇ ਹੀ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਬਾਕੀ ਸਿੱਟ ਮੈਂਬਰ ਬੜੀ ਤੇਜ਼ੀ ਨਾਲ ਅਚਾਨਕ ਮਟੌਰ ਥਾਣੇ ’ਚੋਂ ਬਾਹਰ ਨਿਕਲ ਗਏ ਅਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ। ਮੀਡੀਆ ਕਰਮੀ ਵੀ ਜਾਂਚ ਟੀਮ ਦੇ ਪਿੱਛੇ ਪਹੁੰਚ ਗਏ ਪਰ ਪੁਲੀਸ ਨੇ ਪਹਿਲਾਂ ਤੋਂ ਹੀ ਡੀਸੀ ਕੰਪਲੈਕਸ, ਐਸਐਸਪੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਅਤੇ ਕਿਸੇ ਵੀ ਮੀਡੀਆ ਕਰਮੀ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਮਗਰੋਂ ਸਾਬਕਾ ਡੀਜੀਪੀ ਸੈਣੀ ਵੀ ਐੱਸਐੱਸਪੀ ਦਫ਼ਤਰ ਪਹੁੰਚ ਗਏ ਅਤੇ ਜਿੱਥੇ ਸਾਬਕਾ ਪੁਲੀਸ ਮੁਖੀ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਪੁਲੀਸ ਨੇ ਸੈਣੀ ਨੂੰ ਕੀ ਸੁਆਲ- ਜਵਾਬ ਕੀਤੇ। ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਪਰ ਏਨਾ ਪਤਾ ਲੱਗਾ ਹੈ ਕਿ ਸਾਰੀ ਕਾਰਵਾਈ ਨੂੰ ਬੜੇ ਸੁਖਾਵੇਂ ਮਾਹੌਲ ਵਿੱਚ ਅੰਜਾਮ ਦਿੱਤਾ ਗਿਆ। ਇਸ ਬਾਰੇ ਪੁੱਛੇ ਜਾਣ ’ਤੇ ਕੋਈ ਅਧਿਕਾਰੀ ਆਪਣਾ ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਹੈ
ਸਾਬਕਾ ਡੀਜੀਪੀ ਸੁਮੇਧ ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਜ਼ਬਰਦਸਤੀ ਇੱਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਮਗਰੋਂ ਨੌਜਵਾਨ ਨੂੰ ਗਾਇਬ ਕਰਨ ਦਾ ਦੋਸ਼ ਹੈ। ਉਂਜ ਪੁਲੀਸ ਨੇ ਆਪਣੀ ਦਫ਼ਤਰੀ ਫਾਈਲਾਂ ਵਿੱਚ ਮੁਲਤਾਨੀ ਨੂੰ ਪੁਲੀਸ ਹਿਰਾਸਤ ’ਚੋਂ ਫਰਾਰ ਹੋਇਆ ਦੱਸਿਆ ਗਿਆ ਹੈ।


Share