ਚੇਨਈ, 19 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿਚਲੇ ਅਮਰੀਕੀ ਸਫਾਰਤਖ਼ਾਨਾ ਅਗਲੇ 12 ਮਹੀਨਿਆਂ ’ਚ 8 ਲੱਖ ਦੇ ਕਰੀਬ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਆਰੰਭ ਸਕਦਾ ਹੈ। ਇਕ ਸੀਨੀਅਰ ਡਿਪਲੋਮੈਟ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਸਫਾਰਤਖ਼ਾਨੇ ਵਿਚ ਕੌਂਸਲਰ ਮਾਮਲਿਆਂ ਦੇ ਸੀਨੀਅਰ ਅਧਿਕਾਰੀ ਡੋਨਲਡ ਐਨ ਹੈਫਲਿਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਗਲੇ 12 ਮਹੀਨਿਆਂ ਵਿਚ 8 ਲੱਖ ਵੀਜ਼ੇ ਜਾਰੀ ਹੋਣ ਦਾ ਅਨੁਮਾਨ ਹੈ। ਅਸੀਂ ਵੀਜ਼ੇ ਸਬੰਧੀ ਪ੍ਰਕਿਰਿਆ ਲਈ ਕਈ ਸਲਾਟ ਖੋਲ੍ਹੇ ਹਨ। ਅਸੀਂ ਐੱਚ ਅਤੇ ਐੱਲ ਵੀਜ਼ੇ ਦੀ ਮੰਗ ਪੂਰੀ ਕਰਨ ਦੀ ਉਮੀਦ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਕਰੋਨਾ ਮਹਾਮਾਰੀ ਤੋਂ ਪਹਿਲਾਂ 12 ਲੱਖ ਵੀਜ਼ੇ ਜਾਰੀ ਕੀਤੇ ਗਏ ਸਨ। ਸਾਲ 2023 ਜਾਂ 2024 ਵਿਚ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਵਿਚ ਪਹੁੰਚਣ ਦੀ ਉਮੀਦ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਵੀਜ਼ੇ ਸਬੰਧੀ ਪ੍ਰਕਿਰਿਆਵਾਂ ਲਈ ਸਫਾਰਤਖ਼ਾਨਾ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾ ਰਹੀ ਹੈ।