ਅਕਾਲੀ ਦਲ ਦੇ 9 ਵਿਧਾਇਕਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ

371
Share

ਚੰਡੀਗੜ੍ਹ, 15 ਮਾਰਚ (ਪੰਜਾਬ ਮੇਲ)- ਹਰਿਆਣਾ ਵਿਧਾਨ ਸਭਾ ਸਕੱਤਰੇਤ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਘਿਰਾਓ ਤੇ ਅਭੱਦਰ ਵਿਵਹਾਰ ਕਰਨ ਵਾਲੇ ਅਕਾਲੀ ਦਲ ਦੇ 9 ਵਿਧਾਇਕਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੂੰ ਸੈਕਟਰ -3 ਦੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾ ਕੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਇਸ ਸ਼ਿਕਾਇਤ ‘ਚ ਅਕਾਲੀ ਦਲ ਦੇ ਵਿਧਾਇਕਾਂ- ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਬਲਦੇਵ ਸਿੰਘ ਖਹਿਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿੰਘ ਰੋਜ਼ੀਬਰਕੰਦੀ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਐਨ.ਕੇ. ਸ਼ਰਮਾ ਤੇ ਸੁਖਵਿੰਦਰ ਕੁਮਾਰ ਸੁਖੀ ਦੇ ਨਾਂਅ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸ਼ੁੱਕਰਵਾਰ ਨੂੰ ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਪ੍ਰਮੁੱਖ ਸਕੱਤਰ ਅਰੁਣ ਗੁਪਤਾ, ਪੁਲਿਸ ਦੇ ਡੀ.ਜੀ.ਪੀ. ਮਨੋਜ ਯਾਦਵ ਸਮੇਤ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ | ਇਸ ਮਾਮਲੇ ਦੀ ਜਾਂਚ ਦੋਹਾਂ ਸੂਬਿਆਂ ਤੇ ਯੂ.ਟੀ. ਚੰਡੀਗੜ੍ਹ ਦੇ ਅਧਿਕਾਰੀਆਂ ਦੀ ਸੰਯੁਕਤ ਕਮੇਟੀ ਕਰੇਗੀ | ਵਿਧਾਨ ਸਭਾ ਸਕੱਤਰੇਤ ‘ਚ ਸ਼ੁੱਕਰਵਾਰ ਨੂੰ ਸਪੀਕਰ ਵਲੋਂ ਬੁਲਾਈ ਬੈਠਕ ‘ਚ ਡਿਪਟੀ ਸਪੀਕਰ ਰਣਵੀਰ ਗੰਗਵਾ, ਵਿਧਾਨ ਸਭਾ ਸਕੱਤਰ ਰਾਜੇਂਦਰ ਨਾਂਦਲ ਤੋਂ ਇਲਾਵਾ ਹਰਿਆਣਾ, ਪੰਜਾਬ ਤੇ ਯੂ.ਟੀ. ਚੰਡੀਗੜ੍ਹ ਦੇ ਅਧਿਕਾਰੀ ਹਾਜ਼ਰ ਸਨ, ਜਿਸ ਦੌਰਾਨ 10 ਮਾਰਚ ਨੂੰ ਵਾਪਰੀ ਘਟਨਾ ਦਾ ਵਿਸਥਾਰਤ ਵੇਰਵਾ ਲਿਆ ਗਿਆ ਸੀ | ਇਸ ਮਾਮਲੇ ਦੀ 15 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦੇ ਸਦਨ ‘ਚ ਚਰਚਾ ਹੋਵੇਗੀ |


Share