ਅਕਾਲੀ ਦਲ ਦੇ ਗਲਬੇ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਪੰਥਕ ਧੜੇ ਹੋ ਰਹੇ ਇਕਜੁੱਟ!

477
Share

-ਸੰਗਤ ਦੀ ਨਜ਼ਰ ਹੁਣ ਪੰਥਕ ਧੜਿਆਂ ਵੱਲ
ਬਾਘਾ ਪੁਰਾਣਾ, 20 ਨਵੰਬਰ (ਪੰਜਾਬ ਮੇਲ)- ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਹੁਣ ਚੁਫੇਰੇ ਚਰਚਾ ਹੋਣ ਲੱਗੀ ਹੈ ਅਤੇ ਇਹ ਵੀ ਜਾਪਦਾ ਹੈ ਕਿ ਹੁਣ ਇਹ ਅਮਲ ਮੁਕੰਮਲ ਹੋ ਹੀ ਜਾਣਾ ਹੈ। ਇਸ ਵੇਲੇ ਉਹ ਸਭ ਧੜੇ ਇਕੱਠੇ ਹੋ ਰਹੇ ਹਨ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰੋਲ ਧਾਰਮਿਕ ਸੰਸਥਾ ਵਜੋਂ ਵੇਖਣਾ ਚਾਹੁੰਦੇ ਹਨ। ਕਈ ਵਰ੍ਹਿਆਂ ਤੋਂ ਰੋਲਾ ਪੈ ਰਿਹਾ ਹੈ ਕਿ ਇਸ ਸੰਸਥਾ ਉਪਰ ਕਾਬਜ਼ ਇਕ ਸਿਆਸੀ ਜਮਾਤ ਜੋ ਇਕ ਪਰਿਵਾਰ ਦੇ ਕਲਾਵੇਂ ‘ਚ ਚੱਲੀ ਆ ਰਹੀ ਹੈ, ਦੇ ਗਲਬੇ ਹੇਠੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾਉਣਾ ਹੈ ਪਰ ਸਤਾ ਉਪਰ ਕਾਬਜ਼ ਅਕਾਲੀ ਦਲ ਦੇ ਕਾਰਣ ਉਹ ਧੜੇ ਆਪਣੇ ਮਿਸ਼ਨ ਵਿਚ ਸਫ਼ਲ ਨਹੀਂ ਸਨ ਹੋ ਸਕੇ। ਪਿਛਲੇ ਚਾਰ ਸਾਲਾਂ ਤੋਂ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਦਾ ਸੂਬੇ ਦੀ ਸਤਾ ਤੋਂ ਲਾਂਭੇ ਹੋਣਾ ਅਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਦਾ ਅਕਾਲੀ ਦਲ ਉਪਰੋਂ ਆਸ਼ੀਰਵਾਦ ਦਾ ਮਨਫ਼ੀ ਹੋ ਜਾਣਾ, ਨਿਰੋਲ ਪੰਥਕ ਧੜਿਆਂ ਦੀ ਮਨਸ਼ਾ ਪੂਰੀ ਹੋਣ ਵੱਲ ਸਾਰਥਿਕ ਕਦਮ ਸਮਝਿਆ ਜਾ ਰਿਹਾ ਹੈ। ਸਿੱਖੀ ‘ਚ ਆਸਥਾ ਰੱਖਣ ਵਾਲੇ ਨਿਰੋਲ ਪੰਥਕ ਧੜਿਆਂ ਦਾ ਕਹਿਣਾ ਹੈ ਕਿ ਲੰਬਾ ਸਮਾਂ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਕਈ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰਿਆਂ ਨੂੰ ਮਸੰਦਾ ਤੋਂ ਆਜ਼ਾਦ ਕਰਵਾਇਆ ਪਰ ਹੁਣ ਸਿੱਖੀ ਦੇ ਭੇਸ ਵਿਚ ਗੁਰਦੁਆਰਾ ਸਾਹਿਬਾਨਾਂ ‘ਤੇ ਮੁੜ ਉਹੀ ਕਾਬਜ਼ ਹੋ ਗਏ ਹਨ ਅਤੇ ਪੰਥ ਨੂੰ ਪ੍ਰਣਾਏ ਲੋਕਾਂ ਨੂੰ ਮੁੜ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ।
ਪੰਥਕ ਧੜਿਆਂ ਦੇ ਮੋਹਰੀ ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਗੋਲਕਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਨ ਵਾਲੇ ਲੋਕ ਹੋਣ ਗੁਰੂ ਸਾਹਿਬ ਵੱਲ ਪਿੱਠ ਕਰ ਕੇ ਗੋਲਕਾਂ ਵੱਲ ਝਾਕ ਰਹੇ ਹਨ ਅਤੇ ਸੰਗਤ ਜਾਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਤੋਂ ਮੁਨਕਰ ਹੋ ਚੁੱਕੇ ਹਨ। ਸਿੱਖ ਸੰਗਤ ਨੇ ਦੋਸ਼ ਲਾਇਆ ਕਿ ਹੁਣ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ, ਹਸਪਤਾਲਾਂ, ਵਿੱਦਿਅਕ ਅਦਾਰਿਆਂ, ਸਿੱਖੀ ਦਾ ਪ੍ਰਚਾਰ ਆਦਿ ਦੀ ਬਜਾਏ ਗੋਲਕਾਂ ਦੀ ਮਾਇਆ ਨੂੰ ਸਿਆਸੀ ਹੋਂਦ ਦੀ ਬਹਾਲੀ ਲਈ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਬਾਬਾ ਖੜਕ ਸਿੰਘ ਵਰਗੇ ਰਹਿਨੁਮਾਵਾਂ ਦੀ ਸੋਚ ਵਾਲੇ ਆਗੂ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਸੇਵਾ ਸੰਭਾਲ ਕਰਨ ਅਤੇ ਅਜਿਹਾ ਸਭ ਕੁਝ ਸਿੱਖ ਸੰਗਤ ਦੀ ਨਿਰਸਵਾਰਥ, ਭੈਅ ਮੁਕਤ ਅਤੇ ਦ੍ਰਿੜ ਸੰਕਲਪ ਤੋਂ ਬਿਨ੍ਹਾਂ ਸੰਭਵ ਨਹੀਂ ਹੋ ਸਕਦਾ।
ਆਪਣੇ-ਆਪ ਨੂੰ ਚਿਰਾਂ ਤੋਂ ਪੰਥਕ ਹੋਣ ਦਾ ਦਾਅਵਾ ਕਰ ਰਹੇ ਧੜੇ ਇਸ ਵਾਰ ਧੜੱਲੇਦਾਰ ਢੰਗ ਨਾਲ ਮੈਦਾਨ ਵਿਚ ਨਿੱਤਰਨ ਲਈ ਪਰ ਤੋਲ ਰਹੇ ਹਨ। ਇਨ੍ਹਾਂ ਧੜਿਆਂ ਦਾ ਤਰਕ ਹੈ ਕਿ ਉਨ੍ਹਾਂ ਦੇ ਹੱਕ ਵਿਚ ਹਰੇਕ ਵਾਰ ਸੰਗਤ ਉਲਾਰ ਤਾਂ ਹੁੰਦੀ ਹੈ ਪਰ ਅਕਾਲੀ ਦਲ ਦੇ ਦਬਦਬੇ ਕਾਰਣ ਉਹ ਉਸ ਤਰੀਕੇ ਨਾਲ ਵੋਟ ਪੱਖੋਂ ਭੁਗਤਣ ‘ਚ ਤਿਲਕ ਜਾਂਦੀ ਹੈ, ਜਿਸ ਦਾ ਵੱਡਾ ਕਾਰਣ ਹਰੇਕ ਵਾਰ ਅਕਾਲੀ ਦਲ ਦੀ ਸਿਆਸੀ ਸਤਾ ਹੀ ਹੋ ਨਿਬੜਦੀ ਹੈ। ਅਕਾਲੀ ਦਲ (ਬਾਦਲ) ਉਪਰ ਅਜਿਹੀਆਂ ਧਿਰਾਂ ਨੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਹਾਨ ਸੰਸਥਾ ਉਪਰ ਕਾਬਜ਼ ਹੋਣ ਲਈ ਅਕਾਲੀ ਦਲ ਧਨ ਦੌਲਤ ਅਤੇ ਹੋਰ ਅਜਿਹੇ ਹਥਕੰਡੇ ਵਰਤਦਾ ਰਿਹਾ ਹੈ, ਜਿਸ ਨੂੰ ਉਹ ਨਸ਼ਰ ਵੀ ਨਹੀਂ ਕਰ ਸਕਦੇ। ਸਿੱਖ ਸੰਗਤ ਇਸ ਵਾਰ ਕਹਿੰਦੀ ਸੁਣੀ ਜਾ ਰਹੀ ਹੈ ਕਿ ਇਸ ਵਾਰ ਉਹ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਆਪਣੀ ਵੋਟ ਦੀ ਵਰਤੋਂ ਕਰਨਗੇ, ਜਦਕਿ ਪਹਿਲਾਂ ਉਨ੍ਹਾਂ ਨੂੰ ਹਰੇਕ ਵਾਰ ਡਰਾਇਆ, ਧਮਕਾਇਆ ਜਾਂਦਾ ਰਿਹਾ ਹੈ।
ਅਕਾਲੀ ਦਲ (ਬ) ਦਾ ਪੰਜਾਬ ਦੀ ਸਤ੍ਹਾ ਤੋਂ ਲਾਂਭੇ ਹੋਣਾ ਅਤੇ ਐੱਨ.ਡੀ.ਏ. ਨਾਲੋਂ ਤੋੜ ਵਿਛੋੜੇ ਦਾ ਵੀ ਇਸ ਵਾਰ ਪੰਥਕ ਧਿਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਪੂਰਨ ਤੌਰ ‘ਤੇ ਲਾਭ ਮਿਲ ਸਕਦਾ ਹੈ। ਲਾਭ ਤੋਂ ਭਾਵ ਇਹ ਨਹੀਂ ਕਿ ਕਿਸੇ ਤਰ੍ਹਾਂ ਦੀ ਧਾਂਦਲੀ ਵਿਚ ਕੋਈ ਸਤਾਧਾਰੀ ਧਿਰ ਪੰਥਕ ਧਿਰਾਂ ਦੀ ਪਿੱਠ ਥਾਪੜ ਸਕਦੀ ਹੈ ਪਰ ਬਾਦਲ ਧੜੇ ਦੀਆਂ ਮਨਮਾਨੀਆਂ ਨਹੀਂ ਚੱਲ ਸਕਣਗੀਆਂ, ਜਿਸ ਬਾਰੇ ਪਹਿਲਾਂ ਹਰੇਕ ਚੋਣ ਸਮੇਂ ਉਸ ਉਪਰ ਅਜਿਹੇ ਦੋਸ਼ ਲੱਗਦੇ ਰਹੇ ਹਨ।
ਅਕਾਲੀ ਦਲ (ਬ) ਵਿਚੋਂ ਵੱਡੇ-ਵੱਡੇ ਆਗੂਆਂ ਦਾ ਬਾਹਰ ਹੋ ਕੇ ਆਪੋ -ਆਪਣੇ ਧੜੇ ਬਣਾ ਲੈਣਾ ਅਤੇ ਅਜਿਹੇ ਲਗਭਗ ਸਾਰੇ ਧੜਿਆਂ ਦਾ ਇਕ ਪਲੇਟਫਾਰਮ ਉਪਰ ਇਕੱਤਰ ਹੋ ਕੇ ਧਾਰਮਿਕ ਅਤੇ ਸਿਆਸੀ ਤੌਰ ‘ਤੇ ਅਕਾਲੀ ਦਲ (ਬ) ਨੂੰ ਟੱਕਰ ਦੇਣ ਲਈ ਵਿਉਂਤਬੰਦੀ ਕਰਨਾ ਇਸ ਵਾਰ ਸ਼ੁਭ ਸੰਕੇਤ ਹੈ। ਜਥੇਦਾਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਖਵਾ, ਜਥੇਦਾਰ ਤਲਵੰਡੀ ਆਦਿ ਹੁਰਾਂ ਦਾ ਬਾਦਲ ਦਲ ਨੂੰ ਅਲਵਿਦਾ ਆਖਣਾ ਅਤੇ ਇਨ੍ਹਾਂ ਆਗੂਆਂ ਨਾਲ ਹੋਰਨਾਂ ਕਈ ਜਥੇਬੰਦੀਆਂ ਦਾ ਜੁੜ ਜਾਣਾ ਜਿਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਇਕ ਉਸਾਰੂ ਕਦਮ ਮੰਨਿਆ ਜਾ ਰਿਹਾ ਹੈ ਉਥੇ ਅਕਾਲੀ ਦਲ (ਬ) ਲਈ ਇਹ ਵੱਡੀ ਚੁਣੌਤੀ ਵੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਚੁੱਕੇ ਅਕਾਲੀ ਦਲ (1920) ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਆਖਿਆ ਕਿ ਜਦ ਕੋਈ ਪਾਰਟੀ ਜਾਂ ਪਾਰਟੀ ਦਾ ਆਗੂ ਕੇਵਲ ਤੇ ਕੇਵਲ ਕੁਰਸੀ ਉਪਰ ਹੀ ਅੱਖ ਰੱਖੀ ਰੱਖੇ ਅਤੇ ਆਪਣੀਆਂ ਧਾਰਮਿਕ ਜਾਂ ਸਿਆਸੀ ਜ਼ਿੰਮੇਵਾਰੀਆਂ ਪ੍ਰਤੀ ਸੰਜੀਦਾ, ਗੰਭੀਰ ਅਤੇ ਚਿੰਤੁਤ ਨਾ ਹੋਵੇ ਤਾਂ ਫਿਰ ਅਜਿਹੀ ਪਾਰਟੀ ਅਤੇ ਆਗੂ ਖ਼ਿਲਾਫ਼ ਜਨਤਕ ਲਹਿਰ ਉਸਰ ਪੈਂਦੀ ਹੈ ਅਤੇ ਹੁਣ ਅਜਿਹਾ ਮਾਹੌਲ ਸਪੱਸ਼ਟ ਦਿਖਾਈ ਦੇ ਰਿਹਾ ਹੈ, ਜੋ ਧਾਰਮਿਕ ਅਤੇ ਰਾਜਨੀਤਿਕ ਖਲਾਅ ਦੀ ਪੂਰਤੀ ਵੱਲ ਇਕ ਨਿੱਘਰ ਰੁਝਾਨ ਮੰਨਿਆ ਜਾ ਰਿਹਾ ਹੈ। ਜਥੇਦਾਰ ਰਣਸੀਂਹ ਨੇ ਇਕ ਪਰਿਵਾਰ ਵੱਲੋਂ ਵਿਗਾੜੇ ਗਏ ਅਜਿਹੇ ਮਾਹੌਲ ਦੀ ਪੁਸ਼ਟੀ ‘ਅੱਤ ਅਤੇ ਰੱਬ ਦਾ ਵੈਰ ਹੁੰਦੈ’ ਕਹਿੰਦਿਆਂ ਕੀਤੀ।


Share